ਖ਼ਬਰਿਸਤਾਨ ਨੈੱਟਵਰਕ: ਤਰਨਤਾਰਨ ਦੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਨੂੰ ਲੈ ਕੇ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਫਰੀਦਕੋਟ ‘ਚ ਮਾਰੇ ਗਏ ਸਮਾਜਵਾਦੀ ਗੁਰਪ੍ਰੀਤ ਸਿੰਘ ਹਰੀਨੌ ਕਤਲ ਮਾਮਲੇ ‘ਚ ਜਾਂਚ ਕਰਦੇ ਹੋਏ ਅੰਮ੍ਰਿਤਪਾਲ ਦੀ ਟਿੰਡਰ ਅਕਾਊਂਟ ‘ਤੇ ਚੈਟ ਮਿਲੀ ਹੈ। ਪੰਜਾਬ ਪੁਲਿਸ ਨੇ ਦੋ ਮਹੀਨੇ ਪਹਿਲਾਂ ਸਮਾਜ ਸੇਵਕ ਗੁਰਪ੍ਰੀਤ ਹਰੀਨੌ ਦੇ ਕਤਲ ਦੇ ਸਬੰਧ ਵਿੱਚ ਡੇਟਿੰਗ ਐਪ ਟਿੰਡਰ ਤੋਂ ਇੱਕ ਅਕਾਊਂਟ ਦੇ ਵੇਰਵੇ ਮੰਗੇ ਸਨ।
ਸੂਤਰਾਂ ਮੁਤਾਬਕ ਅੰਮ੍ਰਿਤਪਾਲ ਦੇ ਟਿੰਡਰ ਅਕਾਊਂਟ ‘ਤੇ ਅੰਮ੍ਰਿਤ ਸੰਧੂ ਦੇ ਨਾਂ ‘ਤੇ ਸੀ ਉਸ ਅਕਾਊਂਟ ਦੀ ਪ੍ਰੋਫ਼ਾਈਲ ‘ਤੇ ਉਸਦੀ ਪੁਰਾਣੀ ਤਸਵੀਰ ਲੱਗੀ ਹੋਈ ਸੀ। ਇਸ ‘ਤੇ ਉਹ ਲੜਕੀਆਂ ਨਾਲ ਅਸ਼ਲੀਲ ਚੈਟ ਕਰਦਾ ਸੀ । ਹਾਲਾਂਕਿ ਪੁਲਿਸ ਵੱਲੋਂ ਕੋਈ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਪੁਲਿਸ ਨੇ ਟਿੰਡਰ ਤੋਂ ਮੰਗੀ ਸੀ ਜਾਣਕਾਰੀ
ਪੰਜਾਬ ਪੁਲਿਸ ਨੇ ਟਿੰਡਰ ਤੋਂ ਇਸ ਖਾਤੇ ਬਾਰੇ ਵਿਆਪਕ ਜਾਣਕਾਰੀ ਮੰਗੀ ਹੈ। ਇਸ ਵਿੱਚ 1 ਜਨਵਰੀ, 2019 ਤੋਂ ਹੁਣ ਤੱਕ ਦੇ ਗਾਹਕਾਂ ਦੇ ਵੇਰਵੇ, ਨਾਮ, ਜਨਮ ਮਿਤੀ, ਫ਼ੋਨ ਨੰਬਰ, ਸਥਾਨ ਦੀ ਜਾਣਕਾਰੀ ਅਤੇ IP ਐਡਰੈੱਸ ਲੌਗ ਸ਼ਾਮਲ ਹਨ। ਪੁਲਿਸ ਨੂੰ ਸ਼ੱਕ ਸੀ ਕਿ ਇਹ ਅਕਾਊਂਟ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨਾਲ ਜੁੜਿਆ ਹੋਇਆ ਸੀ। ਹੁਣ ਟਿੰਡਰ ਨੇ ਇਸ ਅਕਾਊਂਟ ਦੇ ਵੇਰਵੇ ਪੰਜਾਬ ਪੁਲਿਸ ਨਾਲ ਸਾਂਝੇ ਕੀਤੇ ਹਨ।
ਦੱਸ ਦੇਈਏ ਕਿ 26 ਮਈ ਨੂੰ ਟਿੰਡਰ ਨੂੰ ਭੇਜੇ ਗਏ ਇੱਕ ਪੱਤਰ ਵਿੱਚ, ਪੁਲਿਸ ਨੇ ਕਿਹਾ ਕਿ 9 ਅਕਤੂਬਰ, 2024 ਨੂੰ, ਗੁਰਪ੍ਰੀਤ ਸਿੰਘ ਨਾਮ ਦੇ ਇੱਕ ਮਸ਼ਹੂਰ ਔਨਲਾਈਨ ਕਾਰਕੁਨ ਦੀ ਮੋਟਰਸਾਈਕਲ ‘ਤੇ ਸਵਾਰ ਦੋ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜਾਂਚ ਦੌਰਾਨ, ਪੁਲਿਸ ਨੂੰ ‘ਅੰਮ੍ਰਿਤ ਸੰਧੂ’ ਦੇ ਨਾਮ ‘ਤੇ ਇੱਕ ਟਿੰਡਰ ਅਕਾਊਂਟ ਮਿਲਿਆ, ਜਿਸ ਨੂੰ ਅੰਮ੍ਰਿਤਪਾਲ ਸਿੰਘ ਨਾਲ ਜੋੜਨ ਦਾ ਸ਼ੱਕ ਸੀ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪਿਛਲੇ ਸਾਲ ਅਕਤੂਬਰ ਵਿੱਚ ਦਾਅਵਾ ਕੀਤਾ ਸੀ ਕਿ ਹਰੀਨੌ ਦਾ ਕਤਲ ਕਥਿਤ ਤੌਰ ‘ਤੇ ਅੰਮ੍ਰਿਤਪਾਲ ਸਿੰਘ ਦੇ ਇਸ਼ਾਰੇ ‘ਤੇ ਕੀਤਾ ਗਿਆ ਸੀ। ਅੰਮ੍ਰਿਤਪਾਲ ਸਿੰਘ ਇਸ ਸਮੇਂ ਸਖ਼ਤ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਜੇਲ੍ਹ ਵਿੱਚ ਹੈ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਇਸ ਕਤਲ ਦਾ ਮੁੱਖ ਸਾਜ਼ਿਸ਼ਕਰਤਾ ਸੀ। ਇਸ ਮਾਮਲੇ ਵਿੱਚ ਗੈਂਗ ਦੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।