ਖਬਰਿਸਤਾਨ ਨੈੱਟਵਰਕ- ਬਠਿੰਡਾ ਵਿਚ CIA ਸਟਾਫ਼ ਦੀ ਗੱਡੀ ਇਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿਚ ਸਵਾਰ ਏਐਸਆਈ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇੰਸਪੈਕਟਰ ਸਮੇਤ ਚਾਰ ਪੁਲਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਸਵੇਰੇ ਵਾਪਰਿਆ ਹਾਦਸਾ
ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 4 ਵਜੇ ਸ੍ਰੀ ਮੁਕਤਸਰ ਸਾਹਿਬ ਪੁਲਸ ਦੀ ਗੱਡੀ ਪਟਿਆਲਾ ਤੋਂ ਵਾਪਸ ਆ ਰਹੀ ਸੀ, ਜਦੋਂ ਰਾਮਪੁਰਾ ਸਦਰ ਨੇੜੇ ਪਹੁੰਚੀ ਤਾਂ ਅਚਾਨਕ ਟਰਾਲੇ ਨਾਲ ਪਿੱਛਿਉਂ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਪੁਲਿਸ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਗੱਡੀ ਵਿੱਚ ਸਵਾਰ ਏਐਸਆਈ ਜਲੰਧਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਹਸਪਤਾਲ ਲਿਜਾਂਦਿਆਂ ਹੀ ਰਸਤੇ ਵਿਚ ਉਨ੍ਹਾਂ ਦੀ ਮੌਤ ਹੋ ਗਈ। ਹੋਰ ਪੁਲਿਸ ਮੁਲਾਜ਼ਮਾਂ ਅਤੇ ਇੰਸਪੈਕਟਰ ਰਾਜਦੀਪ ਸਿੰਘ ਨੂੰ ਇਲਾਜ ਲਈ ਬਠਿੰਡਾ ਦੇ ਇਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਟਰੱਕ ਮਾਲਕ ਦੇ ਇੱਕ ਦੋਸਤ ਨੇ ਦੱਸਿਆ ਕਿ ਉਸ ਦਾ ਟਰਾਲਾ ਬਰਨਾਲਾ ਵਾਲੇ ਪਾਸੇ ਤੋਂ ਆ ਰਿਹਾ ਸੀ ਅਤੇ ਪੁਲਿਸ ਦੀ ਗੱਡੀ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਫਿਲਹਾਲ ਮ੍ਰਿਤਕ ਏਐਸਆਈ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰਾਮਪੁਰਾ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।