ਖਬਰਿਸਤਾਨ ਨੈੱਟਵਰਕ- ਆਸਟ੍ਰੇਲੀਆ ਦੇ ਸਿਡਨੀ ਤੋਂ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿਥੇ ਬੌਂਡੀ ਬੀਚ ‘ਤੇ ਐਤਵਾਰ ਦੁਪਹਿਰ ਨੂੰ ਦੋ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਯਹੂਦੀ ਭਾਈਚਾਰੇ ਦੇ ਲੋਕ ਹਨੂਕਾ ਤਿਉਹਾਰ ਮੌਕੇ ਜਸ਼ਨ ਮਨਾ ਰਹੇ ਸਨ। ਮੀਡੀਆ ਰਿਪੋਰਟ ਮੁਤਾਬਕ ਸਮੂਹਿਕ ਗੋਲੀਬਾਰੀ ਵਿੱਚ ਦਸ ਲੋਕ ਮਾਰੇ ਗਏ ਅਤੇ 16 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਇੱਕ ਬੱਚਾ ਅਤੇ ਇੱਕ ਬਜ਼ੁਰਗ ਔਰਤ ਸ਼ਾਮਲ ਹੈ।
ਜਾਨ ਬਚਾਉਣ ਲਈ ਭੱਜਦੇ ਦਿਸੇ ਲੋਕ
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਉੱਤਰੀ ਬੌਂਡੀ ਬੀਚ ‘ਤੇ ਹਫੜਾ-ਦਫੜੀ ਦਿਖਾਈ ਦਿੱਤੀ, ਜਿੱਥੇ ਗੋਲੀਬਾਰੀ ਦੀ ਆਵਾਜ਼ ਸੁਣ ਕੇ ਲੋਕ ਲੁਕਣ ਲਈ ਭੱਜਦੇ ਦਿਖਾਈ ਦਿੱਤੇ। ਇੱਕ ਹੋਰ ਵੀਡੀਓ ਵਿੱਚ ਕਾਲੇ ਕੱਪੜੇ ਪਾਏ ਦੋ ਹਮਲਾਵਰ ਸੜਕ ‘ਤੇ ਖੜ੍ਹੇ ਹੋ ਕੇ ਰਾਈਫਲ ਵਰਗੇ ਹਥਿਆਰਾਂ ਨਾਲ ਫਾਇਰਿੰਗ ਕਰਦੇ ਦਿਖਾਈ ਦਿੱਤੇ।
ਪੁਲਸ ਨੇ ਮੁਕਾਬਲੇ ਦੀ ਡਰੋਨ ਫੁਟੇਜ ਜਾਰੀ ਕੀਤੀ
ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਇੱਕ ਹਮਲਾਵਰ ਨੂੰ ਗੋਲੀ ਮਾਰ ਦਿੱਤੀ, ਜਦੋਂ ਕਿ ਦੂਜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੋਵੇਂ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਹਨ। ਨਿਊ ਸਾਊਥ ਵੇਲਜ਼ ਪੁਲਿਸ ਨੇ ਮੁਕਾਬਲੇ ਦੀ ਡਰੋਨ ਫੁਟੇਜ ਵੀ ਜਾਰੀ ਕੀਤੀ ਹੈ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਹਮਲਾਵਰਾਂ ਨੇ ਲਗਭਗ 50 ਰਾਉਂਡ ਫਾਇਰ ਕੀਤੇ।
ਵਾਰਦਾਤ ਦੌਰਾਨ, ਇੱਕ ਨਾਗਰਿਕ ਨੇ ਹਿੰਮਤ ਨਾਲ ਹਮਲਾਵਰਾਂ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ ਅਤੇ ਉਸਦਾ ਹਥਿਆਰ ਖੋਹ ਲਿਆ, ਜਿਸ ਨਾਲ ਕਈ ਲੋਕਾਂ ਦੀ ਜਾਨ ਬਚ ਗਈ। ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਨਿਊ ਸਾਊਥ ਵੇਲਜ਼ ਐਂਬੂਲੈਂਸ ਸੇਵਾ ਦੇ ਅਨੁਸਾਰ, ਜ਼ਖਮੀਆਂ ਨੂੰ ਸਿਡਨੀ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ, ਜਦੋਂ ਕਿ ਕੁਝ ਨੂੰ ਮੌਕੇ ‘ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ। ਸੁਰੱਖਿਆ ਸਥਿਤੀ ਨੂੰ ਦੇਖਦੇ ਹੋਏ, ਯਹੂਦੀ ਬੋਰਡ ਆਫ਼ ਡਿਪਟੀਜ਼ ਨੇ ਭਾਈਚਾਰੇ ਨੂੰ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਹੈ ਅਤੇ ਸਾਰੇ ਸਮਾਗਮਾਂ ਅਤੇ ਸੰਸਥਾਵਾਂ ਨੂੰ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਗਿਆ ਹੈ।
ਘਟਨਾ ਤੋਂ ਬਾਅਦ ਹਨੁਕਾਹ ਤਿਉਹਾਰ ਰੱਦ ਕਰ ਦਿੱਤਾ ਗਿਆ
ਇਸ ਘਟਨਾ ਤੋਂ ਬਾਅਦ ਮੈਲਬੌਰਨ ਵਿੱਚ ਹਨੁੰਕਾ ਤਿਉਹਾਰ ਵੀ ਰੱਦ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਹਮਲੇ ਨੂੰ “ਦਿਲ ਤੋੜਨ ਵਾਲਾ” ਦੱਸਿਆ ਅਤੇ ਪੀੜਤਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ।
ਇਸ ਘਟਨਾ ਨੂੰ ਆਸਟ੍ਰੇਲੀਆ ਵਿੱਚ ਲਗਭਗ 30 ਸਾਲਾਂ ਵਿੱਚ ਸਭ ਤੋਂ ਵੱਡੇ ਸਮੂਹਿਕ ਗੋਲੀਬਾਰੀ ਵਿੱਚੋਂ ਇੱਕ ਦੱਸਿਆ ਜਾ ਰਿਹਾ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਪੂਰੀ ਜਾਂਚ ਕਰ ਰਹੀਆਂ ਹਨ।



