ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਵਿਸ਼ਵ ਸਿਹਤ ਦਿਵਸ ਮੌਕੇ ਮਾਨਯੋਗ ਏਡੀਸੀ (ਜ) ਅਪਰਨਾ ਆਈਏਐਸ ਅਤੇ ਸਿਵਲ ਸਰਜਨ ਡਾ. ਗੁਰਮੀਤ ਲਾਲ ਦੀ ਅਗਵਾਈ ਹੇਠ ਸਿਵਲ ਹਸਪਤਾਲ ਜਲੰਧਰ ਤੋਂ ਸੋਮਵਾਰ ਨੂੰ ਲਾਲਾ ਲਾਜਪਤ ਰਾਏ ਗਰੂਪ ਆਫ ਇੰਟੀਟਿਊਂਸ਼ਨ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਸਿਹਤ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਡਾ.ਰਾਕੇਸ਼ ਚੋਪੜਾ ਜਿਲ੍ਹਾ ਟੀਕਾਕਰਨ ਅਫ਼ਸਰ, ਡਾ. ਜਸਵਿੰਦਰ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ, ਸ਼ਿਵ ਮੌਦਗਿਲ ਡਾਇਰੈਕਟਰ ਅਤੇ ਪ੍ਰਿੰਸੀਪਲ ਨੇਹਾ ਵਸੁਦੇਵ ਲਾਲਾ ਲਾਜਪਤ ਰਾਏ ਗਰੂਪ ਆਫ ਇੰਟੀਟਿਊਂਸ਼ਨ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਇਹ ਰੈਲੀ ਸਿਵਲ ਹਸਪਤਾਲ ਜਲੰਧਰ ਤੋਂ ਹੁੰਦੀ ਹੋਈ ਜੋਤੀ ਚੌਕ, ਨਹਿਰੂ ਗਾਰਡਨ ਚੌਕ, ਨਾਮਦੇਵ ਚੌਕ ਹੁੰਦੀ ਹੋਈ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਸਮਾਪਤ ਹੋਈ। ਵਿਦਿਆਰਥੀਆਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਦੁਰਵਰਤੋਂ ਦੇ ਖਤਰਿਆਂ ਬਾਰੇ ਸਲੋਗਨ ਅਤੇ ਪਲੇ ਕਾਰਡਾਂ ਰਾਹੀਂ ਸ਼ਹਿਰਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਹੋਰਨਾਂ ਨੂੰ ਵੀ ਇਸ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦਾ ਸੁਨੇਹਾ ਦਿੱਤਾਂ ਗਿਆ ਤਾਂ ਜੋ ਸਿਹਤਮੰਦ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਰੈਲੀ ਦੌਰਾਨ ਵਿਦਿਆਰਥੀਆਂ ਨੇ ਯੁਵਾ ਵਰਗ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੰਦੇ ਹੋਏ ਅਪੀਲ ਕੀਤੀ ਕਿ ਕਿਸੇ ਵਿਅਕਤੀ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਉਸਦੀ ਸਿਹਤ ਹੈ, ਜੋ ਉਸਦੇ ਜੀਵਨ ਦੀ ਗੁਣਵੱਤਾ ਨੂੰ ਨਿਰਧਾਰਤ ਕਰਦੀ ਹੈ। ਤੰਦਰੁਸਤੀ ਜੀਵਨ ਵਿੱਚ ਸਾਰੀਆਂ ਖੁਸ਼ੀਆਂ ਦਾ ਆਧਾਰ ਹੈ, ਇਸ ਲਈ ਹਰੇਕ ਮਨੁੱਖ ਨੂੰ ਚੰਗੇ ਖਾਣ-ਪੀਣ, ਸਾਫ-ਸਫਾਈ ਅਤੇ ਕਸਰਤ ਨਾਲ ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਦੇ ਯਤਨ ਕਰਨੇ ਚਾਹੀਦੇ ਹਨ।