ਬਰਨਾਲਾ ਦੇ ਸ਼੍ਰੀ ਮਹਾਸ਼ਕਤੀ ਕਲਾ ਮੰਦਿਰ ਦੇ ਤਿੰਨ ਰੋਜ਼ਾ ਨਾਟ ਮੇਲੇ ਵਿਚ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਦੀ ਟੀਮ ਪਹੁੰਚੀ ਜਿੱਥੇ ਕਲਾਕਾਰਾਂ ਨੇ ਮੇਲੇ ਦੀ ਹਰ ਇੱਕ ਸ਼੍ਰੇਣੀ ਵਿੱਚ ਹਿੱਸਾ ਲਿਆ । ਨਾਟ ਮੇਲੇ ਦੇ ਪਹਿਲੇ ਦਿਨ ਟੀਮ ਵੱਲੋਂ ਨਾਟਕ “ਕਠਪੁਤਲੀ” ਦੀ ਪੇਸ਼ਕਾਰੀ ਕੀਤੀ ਗਈ । ਅਪੰਗ ਬੱਚਿਆਂ ਦੀ ਦਾਸਤਾਨ ਪੇਸ਼ ਕਰਦੇ ਇਸ ਨਾਟਕ ਵਿਚ ਪਿਉ ਅਤੇ ਬੇਟੀ ਦੇ ਗੂੜ੍ਹੇ ਪਿਆਰ ਨੂੰ ਵੀ ਦਿਖਾਇਆ ਗਿਆ। ਨਾਟਕ ਦੇਖਣ ਤੋਂ ਬਾਅਦ ਦਰਸ਼ਕ ਕਾਫ਼ੀ ਭਾਵੁਕ ਹੁੰਦੇ ਦਿਖਾਈ ਦਿੱਤੇ। ਇਸ ਨਾਟਕ ਨੇ 15 ਨਾਟਕਾਂ ਦੇ ਮੁਕਾਬਲੇ ਵਿਚ ਤੀਸਰਾ ਸਥਾਨ ਹਾਸਿਲ ਕੀਤਾ|
ਦਲਜੀਤ ਸਿੰਘ ਸੋਨਾ ਅਤੇ ਜਸਲੀਨ ਕੌਰ ਨੇ ਬੈਸਟ ਬੈਕਗ੍ਰਾਉਂਡ ਮਿਊਜ਼ਿਕ ਦਾ ਖ਼ਿਤਾਬ ਹਾਸਿਲ ਕੀਤਾ । ਹਰਮਨਜੋਤ ਸਿੰਘ ਨੇ ਆਪਣੀ ਕਲਾਕਾਰੀ ਦੇ ਦਮ ਤੇ ਬੈਸਟ ਚਾਈਲਡ ਆਰਟਿਸਟ ਦਾ ਖਿਤਾਬ ਹਾਸਿਲ ਕੀਤਾ । ਅਨਮੋਲਪ੍ਰੀਤ ਕੌਰ ਨੂੰ ਟੀਮ ਵਿਚੋਂ ਬੈਸਟ ਆਰਟਿਸਟ ਦਾ ਇਨਾਮ ਮਿਲਿਆ।
ਇਹ ਨਾਟਕ ਦਲਜੀਤ ਸਿੰਘ ਸੋਨਾ ਦਵਾਰਾ ਨਿਰਦੇਸ਼ਿਤ ਸੀ । ਨਾਟ ਮੇਲੇ ਦੇ ਦੂਸਰੇ ਦਿਨ 10 ਨੁੱਕੜ ਨਾਟਕਾਂ ਦੀ ਪ੍ਰਤੀਯੋਗਤਾ ਵਿੱਚੋਂ ਟੀਮ ਦੇ ਨਾਟਕ “ਜ਼ਿੰਦਗੀ ਜ਼ਿੰਦਾਬਾਦ” ਨੇ ਪਹਿਲਾ ਸਥਾਨ ਹਾਸਿਲ ਕੀਤਾ ਜਿਸ ਵਿਚ ਦਲਜੀਤ ਸਿੰਘ ਸੋਨਾ ਨੂੰ ਬੈਸਟ ਡਾਇਰੈਕਟਰ ਦੇ ਖਿਤਾਬ ਨਾਲ ਨਿਵਾਜ਼ਿਆ ਗਿਆ ਅਤੇ ਅਨਮੋਲਪ੍ਰੀਤ ਕੌਰ ਨੂੰ ਬੈਸਟ ਫ਼ੀਮੇਲ ਆਰਟਿਸਟ ਦਾ ਖ਼ਿਤਾਬ ਮਿਲਿਆ। ਸੰਗੀਤ , ਕਾਮੇਡੀ , ਡਾਂਸ ਅਤੇ ਏਡਜ਼ ਸੰਬੰਧੀ ਜਾਣਕਾਰੀ ਨਾਲ ਭਰਪੂਰ ਇਸ ਨਾਟਕ ਵਿਚ ਹਰਸ਼ਵੀਰ ਸਿੰਘ ਨੂੰ ਬੈਸਟ ਐਕਟਰ ਦਾ ਇਨਾਮ ਮਿਲਿਆ। ਟੀਮ ਦੇ ਹਰ ਇੱਕ ਮੈਂਬਰ ਨੂੰ ਇਸ ਜਿੱਤ ਲਈ ਇਨਾਮ ਹਾਸਿਲ ਹੋਏ ।
ਪ੍ਰਤੀਯੋਗਤਾ ਦੇ ਜੱਜਾਂ ਦਾ ਕਹਿਣਾ ਸੀ ਕਿ ਇਸ ਪੇਸ਼ਕਾਰੀ ਨੇ ਉਹਨਾਂ ਨੂੰ ਮੋਹ ਲਿਆ। ਨਾਟ ਮੇਲੇ ਦੇ ਤੀਸਰੇ ਦਿਨ ਗਰੁੱਪ ਡਾਂਸ , ਡਿਊਟ ਡਾਂਸ ਅਤੇ ਗਿੱਧੇ ਦੀ ਪੇਸ਼ਕਾਰੀ ਹੋਈ ਜਿਸ ਵਿਚ ਟੀਮ ਦੇ ਗਰੁੱਪ ਡਾਂਸ ਨੇ ਦੂਸਰਾ ਸਥਾਨ ਹਾਸਿਲ ਕੀਤਾ । ਹਰਸ਼ਵੀਰ ਸਿੰਘ ਨੇ ਬੈਸਟ ਆਰਟਿਸਟ ਇਨ ਗਰੁੱਪ ਡਾਂਸ ਵਿਚ ਦੂਸਰਾ ਸਥਾਨ ਹਾਸਿਲ ਕੀਤਾ। ਡਿਊਟ ਡਾਂਸ ਦੀ ਪ੍ਰਤੀਯੋਗਤਾ ਵਿਚ ਹਰਮਨਪ੍ਰੀਤ ਸਿੰਘ ਅਤੇ ਅਨਮੋਲਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ ।
ਦਰਸ਼ਕਾਂ ਵਿਚੋਂ ਵੀ ਉਹਨਾਂ ਦੀ ਪੇਸ਼ਕਾਰੀ ਲਈ ਉਹਨਾਂ ਨੂੰ ਇਨਾਮ ਦਿੱਤਾ ਗਿਆ। ਗਿੱਧੇ ਦੀ ਧਮਾਕੇਦਾਰ ਪੇਸ਼ਕਾਰੀ ਨੇ ਸਭ ਨੂੰ ਨਚਾ ਦਿੱਤਾ ਅਤੇ ਦਰਸ਼ਕਾਂ ਵਿਚ ਜੋਸ਼ ਭਰ ਦਿੱਤਾ। ਗਿੱਧੇ ਨੇ ਕੰਸੋਲੇਸ਼ਨ ਇਨਾਮ ਹਾਸਿਲ ਕੀਤਾ । ਟੀਮ ਦੇ ਹਰ ਇਕ ਮੈਂਬਰ ਨੇ ਇਸ ਮੁਕਾਬਲੇ ਲਈ ਬਹੁਤ ਮਿਹਨਤ ਕੀਤੀ ਤੇ ਇਨਾਮ ਜਿੱਤਣ ਵਿਚ ਆਪਣਾ ਪੂਰਾ ਯੋਗਦਾਨ ਪਾਇਆ ।
ਦਲਜੀਤ ਸਿੰਘ ਸੋਨਾ , ਮਨਿੰਦਰ ਸਿੰਘ ਨੌਸ਼ਹਿਰਾ , ਪਰਮਜੀਤ ਸਿੰਘ , ਜਸਲੀਨ ਕੌਰ , ਆਸਲੀਨ ਕੌਰ , ਮਨਪ੍ਰੀਤ ਸਨਿਆਲ , ਗੁਰਵਿੰਦਰ ਕੌਰ , ਪ੍ਰਭਜੋਤ ਕੌਰ , ਅਨਮੋਲਪ੍ਰੀਤ ਕੌਰ , ਹਰਮਨਪ੍ਰੀਤ ਸਿੰਘ , ਹਰਮਨਜੋਤ ਸਿੰਘ ਅਤੇ ਹਰਸ਼ਵੀਰ ਸਿੰਘ ਨੇ ਬਰਨਾਲੇ ਦੇ ਦਰਸ਼ਕਾਂ ਦਾ ਆਪਣੀ ਕਲਾ ਨਾਲ ਖੂਬ ਮਨੋਰੰਜਨ ਕੀਤਾ ।
ਜ਼ਿਕਰਯੋਗ ਹੈ ਕਿ ਇਹ ਟੀਮ ਦੀ ਇਸ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਵਾਲੀ ਮਾਝੇ ਦੀ ਇਕਲੌਤੀ ਟੀਮ ਸੀ। ਭਾਰਤ ਦੇ ਵੱਖ ਵੱਖ ਹਿੱਸਿਆਂ ਚੋ ਪਹੁੰਚੀਆਂ ਟੀਮਾਂ ਵਿਚੋਂ ਇਹ ਇਕ ਮਾਤਰ ਟੀਮ ਸੀ ਜਿਸਨੇ ਹਰ ਇੱਕ ਸ਼੍ਰੇਣੀ ਵਿਚ ਹਿੱਸਾ ਲਿਆ ਅਤੇ ਇਨਾਮ ਵੀ ਹਾਸਿਲ ਕੀਤੇ। ਨਾਟ ਮੇਲੇ ਦੇ ਮੁੱਖ ਪ੍ਰਬੰਧਕ ਅਨਿਲ ਦੱਤਾ ਨੇ ਟੀਮ ਦੀ ਸਾਦਗੀ, ਮਿਹਨਤ ਅਤੇ ਹਰ ਸ਼੍ਰੇਣੀ ਵਿਚ ਮਾਹਿਰ ਹੋਣ ਦੀ ਕਾਬਲੀਅਤ ਦੀ ਖ਼ੂਬ ਸ਼ਲਾਂਘਾ ਕੀਤੀ । ਤਿੰਨ ਦਿਨਾਂ ਨਾਟ ਮੇਲੇ ਦੇ ਪ੍ਰਬੰਧ , ਖਾਣਾ ਅਤੇ ਪੇਸ਼ਕਾਰੀਆਂ ਸਭ ਬਹੁਤ ਹੀ ਸ਼ਾਨਦਾਰ ਸੀ । ਸਾਡਾ ਨਾਟ ਘਰ ਦੇ 192ਵੇਂ ਪ੍ਰੋਗਰਾਮ ਵਿੱਚ ਸਭ ਕਲਾਕਾਰਾਂ ਨੂੰ ਇਨਾਮ ਵੰਡੇ ਗਏ ।