ਖ਼ਬਰਿਸਤਾਨ ਨੈੱਟਵਰਕ: ਦੇਸ਼ ਭਰ ਵਿੱਚ ਐਲ.ਪੀ.ਜੀ. (LPG) ਗੈਸ ਸਿਲੰਡਰਾਂ ਦੀ ਸਪਲਾਈ ਨੂੰ ਲੈ ਕੇ ਇੱਕ ਵੱਡੀ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਦੇਰ ਰਾਤ ਤੋਂ ਲਾਗੂ ਹੋਏ ਨਵੇਂ ਸਰਕਾਰੀ ਨਿਰਦੇਸ਼ਾਂ ਤੋਂ ਬਾਅਦ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਡਿਲੀਵਰੀ ‘ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਗਈ ਹੈ, ਜਦਕਿ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ‘ਤੇ ਵੀ ਸਖ਼ਤ ਨਿਯਮ ਲਾਗੂ ਕਰ ਦਿੱਤੇ ਗਏ ਹਨ। ਇਸ ਫੈਸਲੇ ਦਾ ਸਿੱਧਾ ਅਸਰ ਆਮ ਲੋਕਾਂ ਅਤੇ ਖਾਸ ਕਰਕੇ ਵਿਆਹ-ਸ਼ਾਦੀਆਂ ਵਾਲੇ ਘਰਾਂ ‘ਤੇ ਪੈ ਰਿਹਾ ਹੈ।
ਨਵੇਂ ਨਿਯਮਾਂ ਕਾਰਨ ਗੈਸ ਏਜੰਸੀਆਂ ਦੇ ਬਾਹਰ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਹੋਟਲ, ਰੈਸਟੋਰੈਂਟ, ਢਾਬਾ ਅਤੇ ਕੇਟਰਿੰਗ ਕਾਰੋਬਾਰੀਆਂ ਵਿੱਚ ਵੀ ਚਿੰਤਾ ਵੱਧ ਗਈ ਹੈ ਕਿਉਂਕਿ ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਫਿਲਹਾਲ ਰੋਕ ਦਿੱਤੀ ਗਈ ਹੈ।
ਸਰਕਾਰ ਨੇ ਬਣਾਈ ਹਾਈ-ਲੇਵਲ ਕਮੇਟੀ
ਇਸ ਸੰਕਟ ਨੂੰ ਦੇਖਦੇ ਹੋਏ ਪੈਟਰੋਲੀਅਮ ਮੰਤਰਾਲੇ ਨੇ ਤਿੰਨ ਤੇਲ ਕੰਪਨੀਆਂ (OMCs) ਦੇ ਕਾਰਜਕਾਰੀ ਨਿਰਦੇਸ਼ਕਾਂ ਦੀ ਇੱਕ ਹਾਈ-ਲੇਵਲ ਕਮੇਟੀ ਬਣਾਈ ਹੈ, ਜੋ ਸਪਲਾਈ ਦੀ ਸਮੀਖਿਆ ਕਰੇਗੀ।
ਘਰੇਲੂ ਸਿਲੰਡਰ ਦੀ ਬੁਕਿੰਗ ਹੁਣ 25 ਦਿਨਾਂ ਬਾਅਦ
ਕੇਂਦਰ ਸਰਕਾਰ ਨੇ ਘਰੇਲੂ ਐਲ.ਪੀ.ਜੀ. ਸਿਲੰਡਰ ਦੀ ਰੀਫਿਲ ਬੁਕਿੰਗ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਹੁਣ ਖਪਤਕਾਰ ਇੱਕ ਸਿਲੰਡਰ ਡਿਲੀਵਰ ਹੋਣ ਤੋਂ ਬਾਅਦ ਦੂਜਾ ਸਿਲੰਡਰ 21 ਦਿਨਾਂ ਦੀ ਬਜਾਏ 25 ਦਿਨਾਂ ਬਾਅਦ ਹੀ ਬੁੱਕ ਕਰ ਸਕਣਗੇ।
ਜਮ੍ਹਾਖੋਰੀ ਰੋਕਣ ਲਈ OTP ਅਤੇ ਬਾਇਓਮੈਟ੍ਰਿਕ ਲਾਜ਼ਮੀ
ਗੈਸ ਦੀ ਜਮ੍ਹਾਖੋਰੀ (Hoarding) ਰੋਕਣ ਲਈ ਡਿਲੀਵਰੀ ਏਜੰਟ ਹੁਣ OTP ਜਾਂ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਦੀ ਵਰਤੋਂ ਕਰ ਰਹੇ ਹਨ। ਤੇਲ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਪ੍ਰੋਪੇਨ ਅਤੇ ਬਿਊਟੇਨ ਦੀ ਵਰਤੋਂ ਕਮਰਸ਼ੀਅਲ ਦੀ ਬਜਾਏ ਘਰੇਲੂ ਸਿਲੰਡਰਾਂ ਲਈ ਜ਼ਿਆਦਾ ਕਰਨ। ‘ਜ਼ਰੂਰੀ ਵਸਤਾਂ ਐਕਟ’ (Essential Commodities Act) ਦੇ ਤਹਿਤ ਹੰਗਾਮੀ ਵਿਵਸਥਾਵਾਂ ਲਾਗੂ ਕਰ ਦਿੱਤੀਆਂ ਗਈਆਂ ਹਨ।