ਲੁਧਿਆਣਾ ‘ਚ ਬੱਚਿਆਂ ਨਾਲ ਭਰੀ ਇੱਕ ਬੱਸ ਅਚਾਨਕ ਹਾਈ-ਟੈਂਸ਼ਨ ਤਾਰਾਂ ਨਾਲ ਟਕਰਾ ਗਈ। ਜਿਸ ਕਾਰਨ ਕੋਛੜ ਮਾਰਕੀਟ ਇਲਾਕੇ ਵਿੱਚ ਦਹਿਸ਼ਤ ਫੈਲ ਗਈ । ਬੱਸ ‘ਚ ਲਗਪਗ 55 ਬੱਚੇ ਸਵਾਰ ਸਨ । ਮੌਕੇ ‘ਤੇ ਮੌਜੂਦ ਸਥਾਨਕ ਲੋਕਾਂ ਨੇ ਬੱਸ ਦੇ ਅੰਦਰ ਫਸੇ ਬੱਚਿਆਂ ਨੂੰ ਬਚਾਉਣ ਲਈ ਤੁਰੰਤ ਕਾਰਵਾਈ ਕੀਤੀ।
ਹਾਲਾਂਕਿ ਸਾਰੇ ਬੱਚੇ ਸੁਰੱਖਿਅਤ ਸਨ ਅਤੇ ਕੋਈ ਵੀ ਜ਼ਖਮੀ ਨਹੀਂ ਹੋਇਆ।ਬਿਜਲੀ ਵਿਭਾਗ ਦੀਆਂ ਟੀਮਾਂ ਨੂੰ ਤੁਰੰਤ ਮੌਕੇ ‘ਤੇ ਬੁਲਾਇਆ ਗਿਆ, ਜਿਨ੍ਹਾਂ ਨੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਅਤੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ। ਹਾਦਸੇ ਕਾਰਨ ਇਲਾਕੇ ਵਿੱਚ ਬਿਜਲੀ ਬੰਦ ਹੋ ਗਈ, ਕਿਉਂਕਿ ਹਾਈ-ਟੈਂਸ਼ਨ ਲਾਈਨ ਟੁੱਟ ਗਈ ਅਤੇ ਜ਼ਮੀਨ ‘ਤੇ ਡਿੱਗ ਗਈ।
ਜਾਣਕਾਰੀ ਅਨੁਸਾਰ ਬੱਸ ਸੰਗਰੂਰ ਤੋਂ ਲਗਭਗ 55 ਬੱਚਿਆਂ ਨੂੰ ਲੈ ਕੇ ਜਾ ਰਹੀ ਸੀ, ਜੋ ਇੱਕ ਖੇਡ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਆਏ ਸਨ। ਹਾਦਸਾ ਇੰਨਾ ਖ਼ਤਰਨਾਕ ਸੀ ਕਿ ਕੁਝ ਪਲਾਂ ਲਈ ਇਲਾਕੇ ਵਿੱਚ ਚੰਗਿਆੜੀਆਂ ਉੱਡ ਗਈਆਂ, ਜਿਸ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।
ਹਨੇਰੇ ਕਾਰਨ ਤਾਰ ਦਿਖਾਈ ਨਹੀਂ ਦਿੱਤੀ
ਬੱਸ ਡਰਾਈਵਰ ਦੇ ਅਨੁਸਾਰ, ਹਾਦਸਾ ਉਦੋਂ ਵਾਪਰਿਆ ਜਦੋਂ ਸਟਰੀਟ ਲਾਈਟਾਂ ਬੰਦ ਸਨ, ਅਤੇ ਹਨੇਰੇ ਕਾਰਨ ਤਾਰਾਂ ਦਿਖਾਈ ਨਹੀਂ ਦੇ ਰਹੀਆਂ ਸਨ। ਅਚਾਨਕ ਇੱਕ ਚੰਗਿਆੜੀ ਨਿਕਲੀ, ਅਤੇ ਬੱਚੇ ਡਰ ਨਾਲ ਚੀਕਣ ਲੱਗੇ। ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ, ਜਦੋਂ ਕਿ ਬਿਜਲੀ ਵਿਭਾਗ ਦੀ ਇੱਕ ਟੀਮ ਤਾਰਾਂ ਨੂੰ ਬਦਲਣ ਦਾ ਕੰਮ ਕਰ ਰਹੀ ਹੈ।
ਸਥਾਨਕ ਲੋਕ ਸਾਰੀਆਂ ਹਾਈ-ਟੈਂਸ਼ਨ ਲਾਈਨਾਂ ਦੀ ਜਾਂਚ ਦੀ ਕਰ ਰਹੇ ਮੰਗ
ਇਲਾਕੇ ਦੇ ਵਸਨੀਕਾਂ ਨੇ ਇਸ ਘਟਨਾ ਲਈ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਥਾਵਾਂ ‘ਤੇ ਤਾਰਾਂ ਬਹੁਤ ਹੇਠਾਂ ਲਟਕ ਰਹੀਆਂ ਹਨ, ਜਿਸ ਕਾਰਨ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਉਨ੍ਹਾਂ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ ਲਈ ਇਲਾਕੇ ਦੀਆਂ ਸਾਰੀਆਂ ਹਾਈ-ਟੈਂਸ਼ਨ ਲਾਈਨਾਂ ਦੀ ਤੁਰੰਤ ਜਾਂਚ ਅਤੇ ਮੁਰੰਮਤ ਕੀਤੀ ਜਾਵੇ।