ਖ਼ਬਰਿਸਤਾਨ ਨੈੱਟਵਰਕ: ਕੈਨੇਡਾ ‘ਚ ਕੈਲਗਰੀ ਪੁਲਿਸ ਨੇ ਪੰਜਾਬੀ ਮੂਲ ਦੇ ਇੱਕ ਗੈਂਗਸਟਰ ਸਮੇਤ ਦੋ ਮੁਲਜ਼ਮਾਂ ਨੂੰ ਵੱਖ-ਵੱਖ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪਹਿਲਾਂ ਪੁਲਿਸ ਨੇ ਗੈਂਗਸਟਰ ਰਾਣਾ ਚੀਮਾ ਨੂੰ ਗ੍ਰਿਫ਼ਤਾਰ ਕੀਤਾ। ਰਾਣਾ ‘ਤੇ ਕੈਲਗਰੀ ਵਿੱਚ ਸਾਊਥ ਏਸ਼ੀਅਨ ਕਮਿਊਨਿਟੀ (ਦੱਖਣੀ ਏਸ਼ੀਆਈ ਭਾਈਚਾਰੇ) ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਫਿਰੌਤੀ ਮੰਗਣ, ਫਾਇਰਿੰਗ ਕਰਨ ਅਤੇ ਡੇ-ਕੇਅਰ ਕਾਰੋਬਾਰਾਂ ਨੂੰ ਧਮਕੀਆਂ ਦੇਣ ਦੇ ਦੋਸ਼ ਹਨ। ਚੀਮਾ ਨੂੰ 1 ਅਪ੍ਰੈਲ ਅਤੇ ਜਸਕਰਨ ਨੂੰ 3 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਦੂਜੇ ਪਾਸੇ ਪੁਲਿਸ ਨੇ 21 ਸਾਲਾ ਪੰਜਾਬੀ ਮੂਲ ਦੇ ਜਸਕਰਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ ਸ਼ਰੇਆਮ ਫਾਇਰਿੰਗ ਕਰਨ ਦਾ ਦੋਸ਼ ਹੈ। ਇਲਜ਼ਾਮ ਹੈ ਕਿ ਉਸ ਨੇ ਫਿਰੌਤੀ (ਐਕਸਟੋਰਸ਼ਨ) ਲਈ ਗੋਲੀਬਾਰੀ ਕੀਤੀ ਸੀ। ਜਸਕਰਨ ਦੀ ਗ੍ਰਿਫ਼ਤਾਰੀ ਕੈਲਗਰੀ ਵਿੱਚ ਹੋਈਆਂ ਘਟਨਾਵਾਂ ਦੀ ਜਾਂਚ ਦੌਰਾਨ ਹੋਈ ਹੈ।
ਕੈਲਗਰੀ ਪੁਲਿਸ ਸਰਵਿਸ (CPS) ਲੰਬੇ ਸਮੇਂ ਤੋਂ ਕੈਲਗਰੀ ਵਿੱਚ ਫਾਇਰਿੰਗ ਅਤੇ ਫਿਰੌਤੀ ਮੰਗਣ ਦੇ ਦੋਸ਼ਾਂ ਵਿੱਚ ਰਾਣਾ ਚੀਮਾ ਦੀ ਗ੍ਰਿਫ਼ਤਾਰੀ ਲਈ ਕੰਮ ਕਰ ਰਹੀ ਸੀ। ਰਾਣਾ ਚੀਮਾ ਨੇ ਮਾਰਚ ਮਹੀਨੇ ਵਿੱਚ ਫਾਇਰਿੰਗ, ਧਮਕੀਆਂ ਅਤੇ ਫਿਰੌਤੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।