ਖਬਰਿਸਤਾਨ ਨੈੱਟਵਰਕ- ਪੰਜਾਬ ਵਿੱਚ ਬਣਨ ਵਾਲੀ ਰਾਜਪੁਰਾ-ਮੋਹਾਲੀ ਨਵੀਂ ਰੇਲਵੇ ਲਾਈਨ ਵਾਸਤੇ ਜ਼ਮੀਨ ਐਕਵਾਇਰ ਕਰਨ ਸਬੰਧੀ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ, ਜਿਸ ਵਿਚ ਰੇਲਵੇ ਲਾਈਨ ਵਾਸਤੇ ਜ਼ਮੀਨ ਦੀ ਮੰਗ ਕੀਤੀ ਗਈ ਹੈ। ਕੇਂਦਰ ਸਰਕਾਰ ਨੇ ਪੱਤਰ ਲਿਖ ਕੇ ਜ਼ਮੀਨ ਐਕਵਾਇਰ ਕਰਨ ਵਾਸਤੇ ਸਹਿਯੋਗ ਮੰਗਿਆ ਹੈ।
3 ਜ਼ਿਲ੍ਹਿਆਂ ਵਿਚੋਂ ਜ਼ਮੀਨ ਕੀਤੀ ਜਾਵੇਗੀ ਐਕਵਾਇਰ
ਇਹ ਨਵੀਂ ਰੇਲਵੇ ਲਾਈਨ ਤਿੰਨ ਜ਼ਿਲ੍ਹਿਆਂ ਵਿਚੋਂ ਹੋ ਕੇ ਨਿਕਲੇਗੀ ਤੇ ਇਸ ਪ੍ਰੋਜੈਕਟ ਲਈ 53.84 ਹੈਕਟੇਅਰ ਜ਼ਮੀਨ ਐਕਵਾਇਰ ਹੋਵੇਗੀ। ਇਸ ਰੇਲਵੇ ਲਾਈਨ ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਮੋਹਾਲੀ ਵਿਚੋਂ ਦੀ ਲੰਘੇਗੀ। ਕੇਂਦਰ ਸਰਕਾਰ ਵੱਲੋਂ ਇਸ ਪ੍ਰੋਜੈਕਟ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਪ੍ਰਾਜੈਕਟ ਉਤੇ ਕਿੰਨਾ ਆਵੇਗਾ ਖਰਚਾ
ਰਾਜਪੁਰਾ-ਮੁਹਾਲੀ ਰੇਲਵੇ ਲਾਈਨ ਦਾ ਪ੍ਰੋਜੈਕਟ 18.11 KM ਲੰਬਾ ਹੋਵੇਗਾ। ਰੇਲ ਮੰਤਰਾਲੇ ਵੱਲੋਂ ਇਸ ਪ੍ਰੋਜੈਕਟ ਨੂੰ ‘ਸਪੈਸ਼ਲ ਰੇਲਵੇ ਪ੍ਰੋਜੈਕਟ’ ਦੱਸਿਆ ਗਿਆ ਹੈ। ਮੁਹਾਲੀ-ਰਾਜਪੁਰਾ ਲਿੰਕ ਲਈ ਰੇਲਵੇ ਨੂੰ 54 ਹੈਕਟੇਅਰ ਜ਼ਮੀਨ ਦੀ ਲੋੜ ਹੈ ਜੋ ਪੰਜਾਬ ਸਰਕਾਰ ਐਕੁਆਇਰ ਕਰਕੇ ਕੇਂਦਰ ਨੂੰ ਦੇਵੇਗੀ। ਇਸ ਪ੍ਰੋਜੈਕਟ ਉਤੇ ਲਗਭਗ 443 ਕਰੋੜ ਰੁਪਏ ਦੀ ਲਾਗਤ ਆਵੇਗੀ।
ਕੀ ਹੋਵੇਗਾ ਫਾਇਦਾ
ਇਸ ਰੇਲਵੇ ਲਾਈਨ ਦੇ ਨਿਰਮਾਣ ਨਾਲ ਚੰਡੀਗੜ੍ਹ ਸਮੇਤ ਸਾਰੇ ਪੰਜਾਬ ਨੂੰ ਫਾਇਦਾ ਹੋਵੇਗਾ। ਰਾਜਪੁਰਾ ਲਾਈਨ ਨਾਲ, ਸਰਹਿੰਦ, ਲੁਧਿਆਣਾ ਅਤੇ ਜਲੰਧਰ ਸਮੇਤ ਹੋਰ ਰਾਜਾਂ ਦੀ ਯਾਤਰਾ ਆਸਾਨ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਲਾਈਨ ਲਈ ਚਿਰਾਂ ਤੋਂ ਮੰਗ ਕੀਤੀ ਜਾ ਰਹੀ ਸੀ। ਇਸ ਨਾਲ ਨਾਲ ਮਾਲਵਾ ਖੇਤਰ ਦੇ ਲੋਕਾਂ ਨੂੰ ਵੱਡਾ ਲਾਭ ਹੋਵੇਗਾ।