ਪਿਛਲੇ ਕੁਝ ਦਿਨਾਂ ਤੋਂ, ਭਗਵੰਤ ਮਾਨ ਸਰਕਾਰ ਦੀ ਤਾਬੜਤੋੜ ਬੱਲੇਬਾਜ਼ੀ ਨੇ ਪੰਜਾਬੀਆਂ ਨੂੰ ਖੁਸ਼ ਤੇ ਵਿਰੋਧੀਆਂ ਨੂੰ ਚੁੱਪ ਕਰਵਾ ਦਿੱਤਾ ਹੈ। ਵਿਰੋਧੀਆਂ ਕੋਲ ਇਸ ਹਮਲਾਵਰ ਸ਼ੈਲੀ ਦਾ ਕੋਈ ਜਵਾਬ ਨਹੀਂ ਜਾਪਦਾ। ਹੁਣ ਲੱਗ ਰਿਹਾ ਹੈ ਕਿ ਰਾਜਨੀਤਿਕ ਪਾਰੀ ਵਿੱਚ ਇਹ ਹਮਲਾ ਰੁਕਣ ਵਾਲਾ ਨਹੀੰ। ਜੇਕਰ ਇਂਝ ਹੀ ਹੋਇਆ ਤਾਂ 2027 ਵਿਚ ਟ੍ਰਾਫੀ ਫਿਰ ਭਗਵੰਤ ਮਾਨ ਦੀ ਹੀ ਹੋਵੇਗੀ। ਵਿਰੋਧੀ ਹੁਣ ਸੋਚ ਰਹੇ ਹਨ ਕਿ ਜੇਕਰ ਭਗਵੰਤ ਮਾਨ ਇਸੇ ਅੰਦਾਜ਼ ਵਿੱਚ ਖੇਡਦੇ ਰਹੇ ਤਾਂ ਉਨ੍ਹਾਂ ਦਾ ਕੀ ਬਣੇਗਾ। ਨਸ਼ਿਆਂ ਵਿਰੁੱਧ ਸ਼ੁਰੂ ਹੋਈ ਇਸ ਜੰਗ ਦਾ ਜਰੂਰ ਕੋਈ ਸਿੱਟਾ ਨਿਕਲੇਗਾ। ਐਸਾ ਇਸ ਵਾਰ ਪੰਜਾਬੀਆਂ ਨੂੰ ਲੱਗ ਰਿਹਾ ਹੈ।
ਪਿਛਲੇ ਕੁਝ ਦਿਨਾਂ ਤੋਂ ਭਗਵੰਤ ਮਾਨ ਆਪਣੇ ਅਸਲੀ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਏ ਗਏ ਸਟੈਂਡ ਦੀ ਆਮ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਚਾਹੇ ਉਹ ਤਹਿਸੀਲਦਾਰਾਂ ਦੇ ਤਬਾਦਲੇ ਦਾ ਮੁੱਦਾ ਹੋਵੇ ਜਾਂ ਨਸ਼ੇ ਵਿਰੁੱਧ ਲੜਾਈ। ਮਾਨ ਹਰ ਮੋਰਚੇ ‘ਤੇ ਸਖ਼ਤ ਰਵੱਈਆ ਅਪਣਾ ਰਹੇ ਹਨ। ਇਹ ਵੀ ਜ਼ਰੂਰੀ ਸੀ। ਕੌਣ ਨਹੀਂ ਜਾਣਦਾ ਕਿ ਤਹਿਸੀਲਾਂ ਵਿੱਚ ਕੀ ਹੋ ਰਿਹਾ ਹੈ। ਜਦੋਂ ਵੀ ਸਰਕਾਰ ਕੋਈ ਕਾਰਵਾਈ ਕਰਦੀ ਹੈ, ਤਹਿਸੀਲਦਾਰ ਛੁੱਟੀ ‘ਤੇ ਚਲਾ ਜਾਂਦਾ ਹੈ। ਸੀਐੱਮ ਭਗਵੰਤ ਮਾਨ ਨੇ ਵੀ ਜਦੋਂ ਪਰਤਵਾਂ ਜਵਾਬ ਦਿੱਤਾ ਤਾਂ ਸ਼ਾਮ ਤੱਕ ਜਿਆਦਾਤਰ ਤਹਿਸੀਲਦਾਰ ਨੇ ਵਾਪਸ ਜੁਆਈਨ ਕਰ ਲਿਆ। ਹੁਣ ਮਾਨ ਸਰਕਾਰ ਕੋਲ ਨੌਕਰਸ਼ਾਹੀ ਲਈ ਇੱਕ ਸਖ਼ਤ ਸੰਦੇਸ਼ ਹੈ। ਜਨਤਾ ਨੂੰ ਕਿਸੇ ਵੀ ਹਾਲਤ ਵਿੱਚ ਪਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ। ਜਿਸ ਤਰ੍ਹਾਂ ਸੀਐਮ ਭਗਵੰਤ ਮਾਨ ਪਿਛਲੇ ਕੁਝ ਦਿਨਾਂ ਵਿੱਚ ਸਰਗਰਮ ਹੋਏ ਹਨ, ਉਨ੍ਹਾਂ ਨੇ ਲੋਕਾਂ ਵਿਚ ਨਵੀਂ ਆਸ ਜਗਾ ਦਿੱਤੀ ਹੈ।
ਸਰਕਾਰ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ 1 ਤੋਂ 5 ਮਾਰਚ ਤੱਕ ਸਿਰਫ਼ ਪੰਜ ਦਿਨਾਂ ਵਿੱਚ, NDPS ਐਕਟ ਤਹਿਤ 580 FIR ਤੇ 789 ਨਸ਼ਾ ਤਸਕਰਾਂ ਦੀ ਗਿਰਫਤਾਰੀ ਅਤੇ 74 ਕਿਲੋ ਹੈਰੋਇਨ,19.5 ਕਿਲੋ ਅਫੀਮ ਅਤੇ 77 ਕਿਲੋ ਸਿੰਥੈਟਿਕ ਡਰੱਗਜ਼ ਜ਼ਬਤ ਕੀਤੀਆਂ ਗਈਆਂ ਹਨ। ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਇੱਕ ਵਿਆਪਕ ਰਣਨੀਤੀ ਨਾਲ ਕੰਮ ਕਰ ਰਹੀ ਹੈ, ਜਿਸ ਵਿੱਚ ਨਸ਼ਾ ਛੁਡਾਊ ਅਤੇ ਪੁਨਰਵਾਸ ਵੀ ਸ਼ਾਮਲ ਹੈ। ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਲੜਾਈ ਦੀ ਨਿਗਰਾਨੀ ਲਈ ਪੰਜ ਮੈਂਬਰੀ ਉੱਚ-ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਦਾ ਕੰਮ ਨਸ਼ਿਆਂ ਦੇ ਸਬੰਧ ਵਿੱਚ ਕੀਤੀ ਜਾ ਰਹੀ ਕਾਰਵਾਈ ਦੀ ਨਿਗਰਾਨੀ ਕਰਨਾ ਹੈ।
ਆਓ 2022 ਵਿੱਚ ਫਲੈਸ਼ਬੈਕ ਚੱਲੀਏ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਉਮੀਦਵਾਰ ਦੀ ਚੋਣ ਲਈ ਇੱਕ ਨੰਬਰ ਜਾਰੀ ਕੀਤਾ ਸੀ। ਪਹਿਲੀ ਵਾਰ ਕਿਸੇ ਪਾਰਟੀ ਨੇ ਜਨਤਾ ਦੀ ਰਾਇ ਨਾਲ ਮੁੱਖ ਮੰਤਰੀ ਉਮੀਦਵਾਰ ਚੁਣਿਆ ਸੀ। 22 ਲੱਖ ਲੋਕਾਂ ਨੇ ਆਪਣੀ ਰਾਏ ਭੇਜੀ। 93% ਲੋਕਾਂ ਨੇ ਭਗਵੰਤ ਮਾਨ ਨੂੰ ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਚੁਣਿਆ। ਫਿਰ ਪਾਰਟੀ ਨੇ ਲੋਕਾਂ ਨੂੰ ਬਹੁਤ ਸਾਰੀਆਂ ਗਾਰੰਟੀਆਂ ਦਿੱਤੀਆਂ। ਜਿਨ੍ਹਾਂ ‘ਚੋਂ ਪੰਜ ਪ੍ਰਮੁੱਖ ਸਨ। ਪਹਿਲਾ ਹਰ ਪਰਿਵਾਰ ਨੂੰ 300 ਯੂਨਿਟ ਮੁਫ਼ਤ ਬਿਜਲੀ, ਦੂਜਾ, 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਪ੍ਰਤੀ ਮਹੀਨਾ 1000 ਰੁਪਏ ਦੀ ਵਿੱਤੀ ਸਹਾਇਤਾ, ਤੀਜਾ, ਨਸ਼ੇ ਵਿਰੁੱਧ ਕਾਰਵਾਈ, ਚੌਥਾ, ਭ੍ਰਿਸ਼ਟਾਚਾਰ ਦਾ ਅੰਤ ਅਤੇ ਪੰਜਵਾਂ, ਨੌਜਵਾਨਾਂ ਨੂੰ ਰੁਜ਼ਗਾਰ।
ਸੂਬੇ ਦੇ ਮਾੜੇ ਆਰਥਿਕ ਹਾਲਾਤਾਂ ਵਿਚ ਲੋਕਾਂ ਨੇ ਚੋਣਾਂ ਵਿੱਚ ਭਗਵੰਤ ਮਾਨ ਵਿੱਚ ਅਥਾਹ ਵਿਸ਼ਵਾਸ ਦਿਖਾਇਆ। ਮੁੱਖ ਮੰਤਰੀ ਬਣਨ ਤੋਂ ਬਾਅਦ, ਭਗਵੰਤ ਮਾਨ ਨੇ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕੀਤੀ। ਇੱਕ ਨੰਬਰ ਜਾਰੀ ਕੀਤਾ ਅਤੇ ਲੋਕਾਂ ਨੂੰ ਕਰਪਸ਼ਨ ਦੀ ਸ਼ਿਕਾਇਤ ਕਰਨ ਲਈ ਕਿਹਾ ਗਿਆ। ਇੱਕ ਤੋਂ ਬਾਅਦ ਇੱਕ ਤੇਜ਼ ਕਾਰਵਾਈਆਂ ਹੋਈਆਂ। ਫਿਰ ਭਗਵੰਤ ਮਾਨ ਸਰਕਾਰ ਨੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਪੂਰਾ ਕੀਤਾ। ਹੁਣ ਪੂਰੇ ਪੰਜਾਬ ਵਿੱਚ ਘਰੇਲੂ ਬਿਜਲੀ ਮੁਫ਼ਤ ਉਪਲਬਧ ਹੈ। ਲੋਕ ਖੁਸ਼ ਹਨ। ਸ਼ਹਿਰਾਂ ਵਿੱਚ ਬਿਜਲੀ ਦੇ ਕੱਟ ਵੀ ਘੱਟ ਗਏ ਹਨ। ਭਗਵੰਤ ਮਾਨ ਸਰਕਾਰ ਨੇ ਨਹਿਰੀ ਪਾਣੀ ਨੂੰ ਟੇਲ ਐਂਡ ਤੱਕ ਪਹੁੰਚਾਉਣ ਲਈ ਇੱਕ ਹੋਰ ਵੱਡਾ ਕਦਮ ਚੁੱਕਿਆ, ਜਿਸਦੀ ਸਾਰਿਆਂ ਨੇ ਸ਼ਲਾਘਾ ਕੀਤੀ। ਹਾਲਾਂਕਿ, ਭਗਵੰਤ ਮਾਨ ਸਰਕਾਰ ਅਜੇ ਤੱਕ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਨਹੀਂ ਦੇ ਸਕੀ ਹੈ। ਨੌਕਰੀਆਂ ਵਿੱਚ ਭ੍ਰਿਸ਼ਟਾਚਾਰ ਦੇ ਖਾਤਮੇ ਅਤੇ ਸਰਕਾਰ ਦੇ ਹੋਰ ਫੈਸਲਿਆਂ ਕਾਰਨ, ਮੁੱਖ ਮੰਤਰੀ ਭਗਵੰਤ ਮਾਨ ਵਿੱਚ ਲੋਕਾਂ ਦਾ ਵਿਸ਼ਵਾਸ ਅੱਜ ਵੀ ਬਰਕਰਾਰ ਹੈ। ਲੋਕ ਭਗਵੰਤ ਮਾਨ ਨੂੰ ਬਾਕੀ ਪਾਰਟੀਆਂ ਦੇ ਲੀਡਰਾਂ ਨਾਲੋਂ ਅੱਡ ਨਜ਼ਰ ਨਾਲ ਵੇਖਦੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਤੋਂ ਪਹਿਲਾਂ, 2017 ਵਿੱਚ, ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਾਰ ਹਫ਼ਤਿਆਂ ਦੇ ਅੰਦਰ ਨਸ਼ਾ ਤਸਕਰੀ ‘ਤੇ ਸ਼ਿਕੰਜਾ ਕੱਸਣ ਦਾ ਵਾਅਦਾ ਕੀਤਾ ਸੀ। ਪਰ ਜੋ ਵੀ ਕੀਤਾ ਉਹ ਨਾਕਾਫ਼ੀ ਸੀ। ਜਿਸ ਕਾਰਨ ਕੈਪਟਨ ਨੂੰ ਪਹਿਲਾਂ ਕੁਰਸੀ ਛੱਡਣੀ ਪਈ ਅਤੇ ਫਿਰ ਪਾਰਟੀ। ਇਸ ਤੋਂ ਪਹਿਲਾਂ, ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਲੜਾਈ ਵੀ ਇੱਕ ਦਿਖਾਵਾ ਸਾਬਤ ਹੋਈ ਸੀ। ਹਰ ਵਾਰ, ਨਸ਼ੇੜੀ ਜਾਂ ਸਪਲਾਇਰ ਫੜੇ ਜਾਂਦੇ ਹਨ। ਕੋਈ ਵੀ ਵੱਡੀਆਂ ਮੱਛੀਆਂ ਨੂੰ ਹੱਥ ਨਹੀਂ ਸੀ ਪਾਉਂਦਾ। ਇਸ ਵਾਰ ਭਗਵੰਤ ਮਾਨ ਸਰਕਾਰ ਨੇ ਤਸਕਰਾਂ ਦੇ ਘਰਾਂ ਅਤੇ ਇਮਾਰਤਾਂ ਨੂੰ ਢਾਹੁਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸਨੇ ਤਸਕਰਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਇਸ ਮੁਹਿੰਮ ਨੇ ਨਾ ਸਿਰਫ਼ ਨਸ਼ਾ ਤਸਕਰਾਂ ਨੂੰ ਨਿਸ਼ਾਨਾ ਬਣਾਇਆ ਹੈ, ਸਗੋਂ ਨਸ਼ਿਆਂ ਦੇ ਵਪਾਰ ਨੂੰ ਸਮਰਥਨ ਦੇਣ ਵਾਲੇ ਵਿੱਤੀ ਨੈੱਟਵਰਕ ਨੂੰ ਵੀ ਤਬਾਹ ਕਰ ਦਿੱਤਾ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਕਾਰੋਬਾਰ ਰਾਹੀਂ ਸਰਕਾਰੀ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ ਨਾਲ ਜੁੜੀਆਂ ਲਗਭਗ 60 ਇਮਾਰਤਾਂ ਨੂੰ ਢਾਹ ਦਿੱਤਾ ਗਿਆ ਹੈ। ਕਰੋੜਾਂ ਰੁਪਏ ਦੀਆਂ ਇਨ੍ਹਾਂ ਜਾਇਦਾਦਾਂ ਨੂੰ ਇੱਕ ਸਖ਼ਤ ਸੰਦੇਸ਼ ਦੇਣ ਲਈ ਢਾਹ ਦਿੱਤਾ ਗਿਆ ਕਿ ਸਰਕਾਰ ਹੁਣ ਨਸ਼ੇ ਨੂੰ ਬਰਦਾਸ਼ਤ ਨਹੀਂ ਕਰੇਗੀ।