ਖ਼ਬਰਿਸਤਾਨ ਨੈੱਟਵਰਕ : 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਸ਼ਿਆਰਪੁਰ ਵਿੱਚ ਝੰਡਾ ਲਹਿਰਾਉਣਗੇ। ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਤੋਂ ਬਾਅਦ ਪੁਲਿਸ ਅਤੇ ਇੰਟੈਲੀਜੈਂਸ ਦੀਆਂ ਟੀਮਾਂ ਚੌਕੰਨੀਆਂ ਹੋ ਗਈਆਂ ਹਨ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।
ਪ੍ਰਾਈਵੇਟ ਸਕੂਲਾਂ ਨੂੰ ਵੀ ਉਡਾਉਣ ਦੀ ਧਮਕੀ
ਇੰਨਾ ਹੀ ਨਹੀਂ, ਹੋਸ਼ਿਆਰਪੁਰ ਦੇ ਪ੍ਰਾਈਵੇਟ ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਧਮਕੀ ਭੇਜਣ ਵਾਲੇ ਨੇ ਈਮੇਲ ਵਿੱਚ ਲਿਖਿਆ ਹੈ ਕਿ ਸੀਐਮ ਭਗਵੰਤ ਮਾਨ ਨਿਸ਼ਾਨੇ ‘ਤੇ ਹਨ ਅਤੇ ਦੁਪਹਿਰ 2 ਵੱਜ ਕੇ 11 ਮਿੰਟ ‘ਤੇ ਸਕੂਲਾਂ ਵਿੱਚ ਧਮਾਕੇ ਹੋਣਗੇ। ਮੇਲ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਸੀਐਮ ਦੇ ਪ੍ਰੋਗਰਾਮ ਦੌਰਾਨ ਵੀ ਬਲਾਸਟ ਹੋਵੇਗਾ।
ਧਮਕੀ ਮਿਲਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ। ਹੋਸ਼ਿਆਰਪੁਰ ਦੇ ਐੱਸਐੱਸਪੀ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਸਾਰੀਆਂ ਏਜੰਸੀਆਂ ਨੇ ਮਿਲ ਕੇ ਸੁਰੱਖਿਆ ਦੇ ਪੱਕੇ ਇੰਤਜ਼ਾਮ ਕੀਤੇ ਹਨ। ਗਣਤੰਤਰ ਦਿਵਸ ਦੇ ਮੌਕੇ ‘ਤੇ ਪੂਰਾ ਪ੍ਰੋਗਰਾਮ ਸੁਰੱਖਿਅਤ ਅਤੇ ਸ਼ਾਂਤਮਈ ਢੰਗ ਨਾਲ ਹੋਵੇਗਾ।



