ਹੋਲੇ ਮਹੱਲੇ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਤਾਂ ਨੂੰ ਵਧਾਈ ਦਿੱਤੀ। ਉਨ੍ਹਾਂ ਆਪਣੇ ਐਕਸ ਉਤੇ ਲਿਖਿਆ ਕਿ ਖ਼ਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਖ਼ਾਲਸਾ ਪੰਥ ਵਿੱਚ ਦਲੇਰੀ ਅਤੇ ਅਣਖ ਭਰਨ ਲਈ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਆਰੰਭ ਕੀਤਾ ਗਿਆ ਸੀ।
ਖ਼ਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਖ਼ਾਲਸਾ ਪੰਥ ਵਿੱਚ ਦਲੇਰੀ ਅਤੇ ਅਣਖ ਭਰਨ ਲਈ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਆਰੰਭ ਕੀਤਾ ਗਿਆ ਸੀ। pic.twitter.com/9GHOYT2y7p
— Bhagwant Mann (@BhagwantMann) March 15, 2025
ਵੱਡੀ ਗਿਣਤੀ ਵਿਚ ਪੁੱਜ ਰਹੀਆਂ ਸੰਗਤਾਂ
ਹੋਲੇ ਮਹੱਲੇ ਦਾ ਅੱਜ ਤੀਜਾ ਤੇ ਆਖਰੀ ਦਿਨ ਹੈ। ਖਾਲਸੇ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਵਿਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚ ਰਹੀਆਂ ਹਨ।ਸਮੁੱਚੀ ਗੁਰੂ ਨਗਰੀ ਨੀਲੇ, ਕੇਸਰੀ ਅਤੇ ਬਸੰਤੀ ਰੰਗ ਦੀਆਂ ਦਸਤਾਰਾਂ, ਝੂਲ ਰਹੇ ਨਿਸ਼ਾਨਾਂ ਸਣੇ ਗੁਰਬਾਣੀ ਦੇ ਰੰਗ ਵਿੱਚ ਰੰਗੀ ਗਈ ਹੈ। ਤਖ਼ਤ ਕੇਸਗੜ੍ਹ ਸਾਹਿਬ ਸਣੇ ਵੱਖ-ਵੱਖ ਗੁਰਦੁਆਰਿਆਂ ’ਚ ਅਖੰਡ ਪਾਠ ਆਰੰਭ ਹੋਣ ਨਾਲ ਹੋਲਾ ਮਹੱਲਾ ਵੀਰਵਾਰ ਨੂੰ ਪੂਰੇ ਖ਼ਾਲਸਾਈ ਜਾਹੋ-ਜਲਾਲ ਨਾਲ ਸ਼ੁਰੂ ਹੋ ਗਿਆ ਸੀ। ਅੱਜ 15 ਮਾਰਚ ਨੂੰ ਨਿਹੰਗ ਸਿੰਘ ਜਥਿਆਂ ਵੱਲੋਂ ਮਹੱਲਾ ਕੱਢਣ ਤੋਂ ਬਾਅਦ ਹੋਲੇ ਮਹੱਲੇ ਦੀ ਸਮਾਪਤੀ ਹੋਵੇਗੀ।
ਹੋਲਾ ਮਹੱਲੇ ਦਾ ਮਹੱਤਵ
ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥ ਖ਼ਾਲਸੇ ਮਹਿ ਹੌ ਕਰੌ ਨਿਵਾਸ ॥
ਔਰਨ ਕੀ ਹੋਲੀ ਮਮ ਹੋਲਾ
ਹੋਲਾ-ਮਹੱਲਾ ਅਨੰਦਾ ਦੀ ਪੁਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਜਾਂਦਾ ਹੈ। ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਨਾਭਾ ਹੋਲਾ ਮਹੱਲਾ’ ਬਾਰੇ ਲਿਖਦੇ ਹਨ ਕਿ ‘ਯੁੱਧ ਵਿੱਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰੱਖਣ ਲਈ ਦਸਮ ਪਾਤਸ਼ਾਹ ਕਲਗੀਧਰ ਜੀ ਦੀ ਚਲਾਈ ਹੋਈ ਰੀਤ ਅਨੁਸਾਰ ਚੇਤ ਵਦੀ ਇਕ ਨੂੰ ਸਿੱਖਾਂ ‘ਚ ਹੋਲਾ ਮਹੱਲਾ ਮਨਾਇਆ ਜਾਂਦਾ ਹੈ
ਹੋਲੇ ਦਾ ਅਰਥ ਹੈ ਹੱਲਾ ਬੋਲਣਾ ਭਾਵ ਹਮਲਾ ਕਰਨਾ
ਤੇ ਮਹੱਲੇ ਤੋਂ ਭਾਵ ਜਿੱਤਣ ਤੋਂ ਬਾਅਦ ਫੌਜਾਂ ਜਿਥੇ ਟਿਕਾਣਾ ਕਰਦੀਆਂ ਹਨ।
ਹੋਲਾ ਮਹੱਲਾ ਖਾਲਸੇ ਦੀ ਵਿਲੱਕਣਤਾ ਦਾ ਪ੍ਰਤੀਕ ਹੈ।
ਮਹੱਲਾ ਇਕ ਤਰ੍ਹਾਂ ਦੀ ਮਸਨੂਈ ਲੜਾਈ ਹੈ, ਜਿਸ ‘ਚ ਪੈਦਲ, ਘੋੜਸਵਾਰ ਤੇ ਸ਼ਸਤਰਧਾਰੀ ਦੋ ਪਾਸਿਆਂ ਤੋ ਇਕ ਖ਼ਾਸ ਹਮਲੇ ਦੀ ਥਾਂ ਉੱਤੇ ਹਮਲਾ ਕਰਦੇ ਸਨ। ਦਸਵੇਂ ਪਾਤਸ਼ਾਹ ਜੀ ਆਪ ਇਸ ਬਨਾਉਟੀ ਲੜਾਈ ਨੂੰ ਦੇਖਦੇ ਹੋਏ ਦੋਵਾਂ ਦਲਾਂ ਨੂੰ ਲੋੜੀਂਦੀ ਸਿਖਿਆ ਦਿੰਦੇ ਸਨ। ਜਿਹੜਾ ਦਲ ਜੇਤੂ ਹੁੰਦਾ, ਉਸ ਨੂੰ ਦੀਵਾਨ ‘ਚ ਵਿਸ਼ੇਸ਼ ਇਨਾਮ ਦੇ ਕੇ ਨਿਵਾਜਿਆ ਜਾਂਦਾ ਸੀ।
ਸੰਨ 1700 ਵਿਚ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹਾ ਹੋਲਗੜ੍ਹ ਸਾਹਿਬ ਵਿਖੇ ਮਹਾਨ ਦੀਵਾਨ ਸਜਾਇਆ ਗਿਆ, ਜਿਸ ਵਿਚ ਦੂਰ-ਦੁਰਾਡੇ ਤੋ ਸ਼ਸਤਰ-ਬਸਤਰ ਸਜਾ ਕੇ ਘੋੜੇ ਹਾਥੀਆਂ ਉਤੇ ਸੱਜ ਧੱਜ ਕੇ ਸੂਰਬੀਰ ਖ਼ਾਲਸਾ, ਨਿਹੰਗ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਉਸ ਸਮੇ ਦੀਵਾਨ ਨੂੰ ਸੰਬੋਧਨ ਕਰਦਿਆ ਗੁਰੂ ਸਾਹਿਬ ਨੇ ਰੰਗਾਂ ਦੇ ਤਿਉਹਰ ਹੋਲੀ ਨੂੰ ਹੋਲਾ ਮਹੱਲਾ ਵਿਚ ਬਦਲਵਾਂ ਰੂਪ ਦਿੱਤਾ।
ਚੜ੍ਹਦੀ ਕਲਾ ਦੀ ਇਸ ਪ੍ਰੰਪਰਾ ਨੂੰ ਨਿਰੰਤਰ ਜਾਰੀ ਰਖਦੇ ਹੋਏ ਅੱਜ ਵੀ ਗੁਰੂ ਕੀ ਲਾਡਲੀ ਫ਼ੌਜ ਨਿਹੰਗ ਸਿੰਘ ਖਾਲਸਾਈ ਜਾਹੋ ਜਲਾਲ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ‘ਹੋਲਾ ਮਹੱਲਾ’ ਮਨਾਉਣ ਲਈ ਵੱਡੀ ਗਿਣਤੀ ਵਿਚ ਪੁੱਜਦੀਆਂ ਹਨ।
ਜਿਥੇ ਵੱਡੇ-ਵੱਡੇ ਦੀਵਾਨ ਸਜਾਏ ਜਾਂਦੇ ਹਨ ਤੇ ਦੁਮਾਲੇ ਬੰਨ੍ਹ ਸ਼ਸਤਰਾਂ ਬਸਤਰਾਂ ‘ਚ ਸਜ ਕੇ ਨਿਹੰਗ ਸਿੰਘਾਂ ਦੇ ਜੱਥੇ ਘੋੜਿਆਂ-ਹਾਥੀਆਂ ‘ਤੇ ਸਵਾਰ ਖ਼ਾਲਸਾ ਫ਼ੌਜ ਵਲੋਂ ਮਹੱਲਾ ਕੱਢਿਆ ਜਾਂਦਾ ਹੈ, ਜੋ ਕਿ ਦੇਖਣਯੋਗ ਹੁੰਦਾ ਹੈ। ਜੰਗਜੂ ਕਰਤੱਬ , ਸਿੰਘਾਂ ਦੀ ਘੋੜ ਸਵਾਰੀ ਤੇ ਗੱਤਕੇ ਦੇ ਜੌਹਰ ਦਿਲ ਨੂੰ ਟੂੰਬਣ ਵਾਲੇ ਹੁੰਦੇ ਹਨ।
ਖ਼ਾਲਸੇ ਦੀ ਸ਼ਾਨ, ਜਲੌਅ, ਸੂਰਬੀਰਤ ਤੇ ਕਰਤੱਬ ਵੇਖ ਕੇ ‘ਖ਼ਾਲਸਾ ਮੇਰੋ ਰੂਪ ਹੈ ਖ਼ਾਸ’ ਦਾ ਵਰਦਾਨ ਪ੍ਰਤਖ ਦਿਖਾਈ ਦਿੰਦਾ ਪ੍ਰਤੀਤ ਹੁੰਦਾ ਹੈ। ਹੋਲਾ ਮਹੱਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਕਿਲ੍ਹਾ ਆਨੰਦਗੜ੍ਹ ਸਹਿਬ ਤੋਂ ਹੁੰਦਾ ਹੋਇਆ ਕਿਲ੍ਹਾ ਹੋਲਗੜ੍ਹ ਸਾਹਿਬ ਵਿਖੇ ਸਮਾਪਤ ਹੁੰਦਾ ਹੈ।