ਖਬਰਿਸਤਾਨ ਨੈੱਟਵਰਕ- ਸੂਬੇ ਦੀਆਂ ਸੜਕਾਂ ਦੀ ਗੁਣਵੱਤਾ ਦੀ ਜਾਂਚ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਲਾਇੰਗ ਸਕੁਐਡ ਦਾ ਗਠਨ ਕੀਤਾ ਹੈ, ਜਿਸ ਨਾਲ ਕਿ ਪੰਜਾਬ ਦੀਆਂ ਲਿੰਕ ਸੜਕਾਂ ਦੀ ਗੁਣਵੱਤਾ ਬਣੀ ਰਹੇ। ਰਿਪੋਰਟ ਮੁਤਾਬਕ ਇਸ ਯੋਜਨਾ ‘ਤੇ ਕੁੱਲ 3,425 ਕਰੋੜ ਖਰਚ ਕੀਤੇ ਜਾਣਗੇ। ਫਲਾਇੰਗ ਸਕੁਐਡ ਰਾਜ ਭਰ ਵਿੱਚ ਮੁਰੰਮਤ ਦੇ ਕੰਮ ਦੀ ਗੁਣਵੱਤਾ ਦਾ ਮੁਆਇਨਾ ਕਰਨਗੇ। ਸਕੁਐਡ ਮੈਂਬਰ ਮਾਲਵਾ, ਮਾਝਾ ਅਤੇ ਦੋਆਬਾ ਖੇਤਰਾਂ ਵਿੱਚ ਸੜਕਾਂ ਦੀ ਉਸਾਰੀ ਅਤੇ ਰੱਖ-ਰਖਾਅ ਦੀ ਸਥਿਤੀ ਦੀ ਜਾਂਚ ਕਰਨਗੇ। ਇਸ ਦਾ ਮਕਸਦ ਸੜਕਾਂ ਦੀ ਮੁਰੰਮਤ ਅਤੇ ਉਸਾਰੀ ਦੇ ਕੰਮ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣਾ ਹੈ।
PWD ਤੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀ ਸ਼ਾਮਲ
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਇਸ ਫਲਾਇੰਗ ਸਕੁਐਡ ਵਿੱਚ ਪੰਜਾਬ ਮੰਡੀ ਬੋਰਡ ਅਤੇ ਲੋਕ ਨਿਰਮਾਣ ਵਿਭਾਗ (PWD) ਦੇ ਸੀਨੀਅਰ ਅਧਿਕਾਰੀ ਸ਼ਾਮਲ ਕੀਤੇ ਗਏ ਹਨ ਜੋ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ ਮੁਰੰਮਤ ਕਾਰਜਾਂ ਦਾ ਕਿਸੇ ਵੇਲੇ ਵੀ ਮੁਆਇਨਾ ਕਰ ਸਕਦੇ ਹਨ।
19,492 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ
ਇਹ ਫੈਸਲਾ ਉਸ ਵੱਡੀ ਯੋਜਨਾ ਦਾ ਹਿੱਸਾ ਹੈ ਜੋ ਮੁੱਖ ਮੰਤਰੀ ਨੇ ਤਰਨਤਾਰਨ ਤੋਂ ਸ਼ੁਰੂ ਕੀਤੀ ਹੈ, ਜਿਸ ਤਹਿਤ ਸੂਬੇ ਵਿੱਚ 19,492 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ। ਇਸ ਮਹੱਤਵਪੁਰਣ ਪ੍ਰੋਜੈਕਟ ‘ਤੇ ਸਰਕਾਰ ਵੱਲੋਂ ₹3,425 ਕਰੋੜ ਦੀ ਵੱਡੀ ਰਕਮ ਖਰਚ ਕੀਤੀ ਜਾ ਰਹੀ ਹੈ।