ਖਬਰਿਸਤਾਨ ਨੈੱਟਵਰਕ- ਕੋਰੋਨਾ ਦਾ ਕਹਿਰ ਇਕ ਵਾਰ ਫਿਰ ਭਾਰਤ ਵਿਚ ਵੇਖਣ ਨੂੰ ਮਿਲ ਰਿਹਾ ਹੈ। ਗੁਜਰਾਤ ਵਿਚ ਕੋਰੋਨਾ ਦੇ ਕੇਸ ਮਿਲਣ ਤੋਂ ਬਾਅਦ ਹੁਣ ਹਰਿਆਣਾ ਵਿਚ ਇਕ ਕੇਸ ਸਾਹਮਣੇ ਆਇਆ ਹੈ, ਜੋ ਕਿ ਫ਼ਰੀਦਾਬਾਦ ਜ਼ਿਲ੍ਹੇ ਦਾ ਹੈ।
28 ਸਾਲਾ ਨੌਜਵਾਨ ਕੋਰੋਨਾ ਪਾਜ਼ੇਟਿਵ
ਸਿਹਤ ਵਿਭਾਗ ਅਨੁਸਾਰ ਸਹਿਤਪੁਰ ਇਲਾਕੇ ਦਾ ਇੱਕ 28 ਸਾਲਾ ਨੌਜਵਾਨ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਨੌਜਵਾਨ ਨੂੰ ਬੁਖਾਰ, ਖੰਘ ਅਤੇ ਜ਼ੁਕਾਮ ਦੀ ਸ਼ਿਕਾਇਤ ਸੀ। ਉਸ ਨੂੰ ਇਲਾਜ ਲਈ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਲਿਜਾਇਆ ਗਿਆ, ਜਿਥੇ ਮੰਗਲਵਾਰ ਦੇਰ ਸ਼ਾਮ ਉਸ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਅੱਜ ਆਵੇਗੀ।
ਸੁਰੱਖਿਆ ਗਾਰਡ ਵਜੋਂ ਨੌਕਰੀ ਕਰਦਾ ਸੀ
ਜਾਣਕਾਰੀ ਅਨੁਸਾਰ, ਫ਼ਰੀਦਾਬਾਦ ਦੇ ਸਹਿਤਪੁਰ ਪਿੰਡ ਦਾ ਇੱਕ ਨੌਜਵਾਨ ਹਾਲ ਹੀ ਵਿੱਚ ਇੱਕ ਨਿੱਜੀ ਕੰਪਨੀ ਰਾਹੀਂ ਦਿੱਲੀ ਦੇ ਇੱਕ ਮਾਲ ਵਿੱਚ ਸੁਰੱਖਿਆ ਗਾਰਡ ਵਜੋਂ ਨੌਕਰੀ ਕਰਦਾ ਸੀ। ਉਹ ਕੁਝ ਦਿਨਾਂ ਤੋਂ ਬੁਖਾਰ, ਖੰਘ ਅਤੇ ਜ਼ੁਕਾਮ ਤੋਂ ਪੀੜਤ ਸੀ। ਇਸ ਕਾਰਨ ਉਸਨੂੰ ਮੈਡੀਕਲ ਜਾਂਚ ਲਈ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਜਾਇਆ ਗਿਆ। ਉੱਥੇ ਉਸ ਦੇ ਸੈਂਪਲ ਕੋਰੋਨਾ ਟੈਸਟ ਲਈ ਲਏ ਗਏ ਸਨ।
ਸਿਹਤ ਵਿਭਾਗ ਅਲਰਟ ਮੋਡ ‘ਤੇ
ਫ਼ਰੀਦਾਬਾਦ ਦੇ ਡਿਪਟੀ ਚੀਫ਼ ਮੈਡੀਕਲ ਅਫ਼ਸਰ ਡਾ. ਰਾਮਭਗਤ ਨੇ ਦੱਸਿਆ ਕਿ ਸਹਿਤਪੁਰ ਪਿੰਡ ਦੇ ਇੱਕ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਜਿਵੇਂ ਹੀ ਰਿਪੋਰਟ ਆਈ, ਸਫਦਰਜੰਗ ਹਸਪਤਾਲ ਪ੍ਰਬੰਧਨ ਨੇ ਇਸਨੂੰ IHIB ਪੋਰਟਲ ‘ਤੇ ਅਪਲੋਡ ਕਰ ਦਿੱਤਾ। ਇਸ ਬਾਰੇ ਫ਼ਰੀਦਾਬਾਦ ਸਿਹਤ ਵਿਭਾਗ ਨੂੰ ਵੀ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਲਗਭਗ ਢਾਈ ਸਾਲ ਬਾਅਦ ਕੋਰੋਨਾ ਦਾ ਇੱਕ ਨਵਾਂ ਕੇਸ ਸਾਹਮਣੇ ਆਇਆ ਹੈ। ਇਸ ਨਾਲ ਵਿਭਾਗ ਅਲਰਟ ਮੋਡ ਵਿੱਚ ਹੈ।ਸਿਹਤ ਵਿਭਾਗ ਨੇ ਸੰਕਰਮਿਤ ਨੌਜਵਾਨ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਹੈ।