ਖਬਰਿਸਤਾਨ ਨੈੱਟਵਰਕ- ਜਲੰਧਰ ਦੇ ਵਡਾਲਾ ਚੌਕ ਨੇੜੇ ਫ੍ਰੈਂਡਜ਼ ਕਾਲੋਨੀ ਵਿੱਚ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੋ ਬਾਈਕਾਂ ‘ਤੇ ਸਵਾਰ ਚਾਰ ਵਿਅਕਤੀਆਂ ਨੇ ਆਪਣੇ ਆਪ ਨੂੰ ਨਗਰ ਨਿਗਮ ਦੇ ਕਰਮਚਾਰੀ ਦੱਸ ਕੇ ਇੱਕ ਜੋੜੇ ਨਾਲ 11 ਹਜ਼ਾਰ ਰੁਪਏ ਦੀ ਠੱਗੀ ਮਾਰੀ।
ਕਿਵੇਂ ਬਣਾਇਆ ਮੂਰਖ
ਪੀੜਤ ਕਪੂਰ ਪਰਿਵਾਰ ਦੀ ਮਹਿਲਾ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਘਰ ਦੇ ਬਾਹਰ ਧੁੱਪ ਸੇਕ ਰਹੀ ਸੀ। ਇਸ ਦੌਰਾਨ ਬਾਈਕ ‘ਤੇ ਸਵਾਰ ਦੋ ਵਿਅਕਤੀ ਉੱਥੇ ਆਏ ਅਤੇ ਆਪਣੇ ਆਪ ਨੂੰ ਨਗਰ ਨਿਗਮ ਦੇ ਅਧਿਕਾਰੀ ਦੱਸਣ ਲੱਗ ਪਏ। ਉਨ੍ਹਾਂ ਨੇ ਘਰ ਵਿੱਚ ਪਾਣੀ ਜਾਂ ਸੀਵਰੇਜ ਦੀ ਕੋਈ ਸਮੱਸਿਆ ਹੋਣ ਬਾਰੇ ਪੁੱਛਗਿੱਛ ਕੀਤੀ, ਜਿਸ ‘ਤੇ ਪਤੀ-ਪਤਨੀ ਨੇ ਕੋਈ ਸਮੱਸਿਆ ਨਾ ਹੋਣ ਦੀ ਗੱਲ ਕਹੀ।
ਕੁਝ ਦੇਰ ਬਾਅਦ ਦੋ ਹੋਰ ਵਿਅਕਤੀ ਬਾਈਕ ‘ਤੇ ਕਾਰਪੇਟ ਲੈ ਕੇ ਉੱਥੇ ਆ ਗਏ ਅਤੇ ਜੋੜੇ ਨੂੰ ਕਾਰਪੇਟ ਖਰੀਦਣ ਲਈ ਕਹਿਣ ਲੱਗੇ। ਜਦੋਂ ਉਨ੍ਹਾਂ ਨੇ ਮਨ੍ਹਾ ਕੀਤਾ ਤਾਂ ਨਗਰ ਨਿਗਮ ਦੇ ਕਰਮਚਾਰੀ ਬਣੇ ਵਿਅਕਤੀ ਅਤੇ ਕਾਰਪੇਟ ਵੇਚਣ ਵਾਲੇ ਆਪਸ ਵਿੱਚ ਗੱਲਾਂ ਕਰਨ ਲੱਗ ਪਏ। ਇਸ ਤੋਂ ਬਾਅਦ ਨਗਰ ਨਿਗਮ ਕਰਮਚਾਰੀ ਨੇ ਸਾਰੇ ਕਾਰਪੇਟ 11 ਹਜ਼ਾਰ ਰੁਪਏ ਵਿੱਚ ਖਰੀਦਣ ਦੀ ਡੀਲ ਤੈਅ ਕਰ ਦਿੱਤੀ।
ਮਹਿਲਾ ਮੁਤਾਬਕ ਕਰਮਚਾਰੀ ਨੇ ਕਿਹਾ ਕਿ ਉਸ ਕੋਲ ਇਸ ਵੇਲੇ 2 ਹਜ਼ਾਰ ਰੁਪਏ ਹਨ ਅਤੇ ਬਾਕੀ ਪੈਸੇ ਉਹ ਘਰੋਂ ਲੈ ਆਵੇਗਾ, ਪਰ ਕਾਰਪੇਟ ਵੇਚਣ ਵਾਲੇ ਨੇ ਤੁਰੰਤ ਪੈਸਿਆਂ ਦੀ ਮੰਗ ਕੀਤੀ। ਇਸ ‘ਤੇ ਨਗਰ ਨਿਗਮ ਕਰਮਚਾਰੀ ਨੇ ਜੋੜੇ ਨੂੰ ਯਕੀਨ ਦਿਵਾਇਆ ਕਿ ਉਹ ਪੈਸੇ ਤੁਰੰਤ ਵਾਪਸ ਕਰ ਦੇਵੇਗਾ ਅਤੇ ਉਸ ਦਾ ਘਰ ਇਥੇ ਨੇੜੇ ਹੀ ਹੈ। ਉਹ ਕਾਰਪੇਟ ਉਨ੍ਹਾਂ ਕੋਲ ਛੱਡ ਗਿਆ। ਭਰੋਸੇ ਵਿੱਚ ਆ ਕੇ ਮਹਿਲਾ ਨੇ ਘਰੋਂ 11 ਹਜ਼ਾਰ ਰੁਪਏ ਲਿਆ ਕੇ ਉਨ੍ਹਾਂ ਨੂੰ ਦੇ ਦਿੱਤੇ।
ਕੁਝ ਸਮੇਂ ਬਾਅਦ ਜਦੋਂ ਜੋੜੇ ਨੇ ਕਾਰਪੇਟ ਚੈੱਕ ਕੀਤੇ ਤਾਂ ਉਹ ਘੱਟ ਗੁਣਵੱਤਾ ਦੇ ਨਿਕਲੇ। ਜਦੋਂ ਮਹਿਲਾ ਬਾਹਰ ਆ ਕੇ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਆਵਾਜ਼ ਮਾਰਣ ਲੱਗੀ ਤਾਂ ਚਾਰੇ ਹੀ ਵਿਅਕਤੀ 11 ਹਜ਼ਾਰ ਰੁਪਏ ਲੈ ਕੇ ਫ਼ਰਾਰ ਹੋ ਚੁੱਕੇ ਸਨ।
ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਠੱਗਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।