ਸੋਮਵਾਰ, ੨੫ ਕੱਤਕ (ਸੰਮਤ ੫੫੭ ਨਾਨਕਸ਼ਾਹੀ)
ੴ ਸਤਿਗੁਰ ਪ੍ਰਸਾਦਿ ॥
ਗੂਜਰੀ ਮਹਲਾ ੪ ਘਰੁ ੩ ॥
ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ ॥ ਸਭਨਾ ਕਉ ਸਨਬੰਧੁ ਹਰਿ ਕਰਿ ਦੀਏ ॥੧॥ ਹਮਰਾ ਜੋਰੁ ਸਭੁ ਰਹਿਓ ਮੇਰੇ ਬੀਰ ॥ ਹਰਿ ਕਾ ਤਨੁ ਮਨੁ ਸਭੁ ਹਰਿ ਕੈ ਵਸਿ ਹੈ ਸਰੀਰ ॥੧॥ ਰਹਾਉ ॥ ਭਗਤ ਜਨਾ ਕਉ ਸਰਧਾ ਆਪਿ ਹਰਿ ਲਾਈ ॥ ਵਿਚੇ ਗ੍ਰਿਸਤ ਉਦਾਸ ਰਹਾਈ ॥੨॥ ਜਬ ਅੰਤਰਿ ਪ੍ਰੀਤਿ ਹਰਿ ਸਿਉ ਬਨਿ ਆਈ ॥ ਤਬ ਜੋ ਕਿਛੁ ਕਰੇ ਸੁ ਮੇਰੇ ਹਰਿ ਪ੍ਰਭ ਭਾਈ ॥੩॥ ਜਿਤੁ ਕਾਰੈ ਕੰਮਿ ਹਮ ਹਰਿ ਲਾਏ ॥ ਸੋ ਹਮ ਕਰਹ ਜੁ ਆਪਿ ਕਰਾਏ ॥੪॥ ਜਿਨ ਕੀ ਭਗਤਿ ਮੇਰੇ ਪ੍ਰਭ ਭਾਈ ॥ ਤੇ ਜਨ ਨਾਨਕ ਰਾਮ ਨਾਮ ਲਿਵ ਲਾਈ ॥੫॥੧॥੭॥੧੬॥
( ਵਿਆਖਿਆ )
ਹੇ ਭਾਈ! ਮਾਂ, ਪਿਉ, ਪੁੱਤਰ—ਇਹ ਸਾਰੇ ਪਰਮਾਤਮਾ ਦੇ ਬਣਾਏ ਹੋਏ ਹਨ । ਇਹਨਾਂ ਸਭਨਾਂ ਵਾਸਤੇ ਆਪੋ ਵਿਚ ਦਾ ਰਿਸ਼ਤਾ ਪਰਮਾਤਮਾ ਨੇ ਆਪ ਹੀ ਬਣਾਇਆ ਹੋਇਆ ਹੈ (ਸੋ, ਇਹ ਸਹੀ ਜੀਵਨ-ਰਾਹ ਵਿਚ ਰੁਕਾਵਟ ਨਹੀਂ ਹਨ) ।੧। ਹੇ ਮੇਰੇ ਵੀਰ! (ਪਰਮਾਤਮਾ ਦੇ ਟਾਕਰੇ ਤੇ) ਸਾਡਾ ਕੋਈ ਜ਼ੋਰ ਚੱਲ ਨਹੀਂ ਸਕਦਾ । ਸਾਡਾ ਇਹ ਸਰੀਰ ਸਾਡਾ ਇਹ ਮਨ ਸਭ ਕੁਝ ਪਰਮਾਤਮਾ ਦਾ ਬਣਾਇਆ ਹੋਇਆ ਹੈ, ਸਾਡਾ ਸਰੀਰ ਪਰਮਾਤਮਾ ਦੇ ਵੱਸ ਵਿਚ ਹੈ ।੧।ਰਹਾਉ। ਹੇ ਭਾਈ! ਪਰਮਾਤਮਾ ਆਪ ਹੀ ਆਪਣੇ ਭਗਤਾਂ ਨੂੰ ਆਪਣੇ ਚਰਨਾਂ ਦੀ ਪ੍ਰੀਤਿ ਬਖ਼ਸ਼ਦਾ ਹੈ, ਉਹਨਾਂ ਭਗਤ ਜਨਾਂ ਨੂੰ ਗ੍ਰਿਹਸਤ ਵਿਚ ਹੀ (ਮਾਂ ਪਿਉ ਪੁੱਤਰ ਇਸਤ੍ਰੀ ਆਦਿਕ ਸਨਬੰਧੀਆਂ ਦੇ ਵਿਚ ਹੀ ਰਹਿੰਦਿਆਂ ਨੂੰ ਹੀ) ਮਾਇਆ ਵਿਚ ਨਿਰਲੇਪ ਰੱਖਦਾ ਹੈ ।੨। ਹੇ ਭਾਈ! ਜਦੋਂ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ, ਤਦੋਂ ਮਨੁੱਖ ਜੋ ਕੁਝ ਕਰਦਾ ਹੈ (ਰਜ਼ਾ ਵਿਚ ਹੀ ਕਰਦਾ ਹੈ, ਤੇ) ਉਹ ਮੇਰੇ ਪਰਮਾਤਮਾ ਨੂੰ ਚੰਗਾ ਲੱਗਦਾ ਹੈ ।੩। ਹੇ ਭਾਈ! ਜਿਸ ਕਾਰ ਵਿਚ ਜਿਸ ਕੰਮ ਵਿਚ, ਪਰਮਾਤਮਾ ਸਾਨੂੰ ਲਾਂਦਾ ਹੈ, ਜੇਹੜਾ ਕੰਮ-ਕਾਰ ਪਰਮਾਤਮਾ ਸਾਥੋਂ ਕਰਾਂਦਾ ਹੈ, ਅਸੀ ਉਹੀ ਕੰਮ-ਕਾਰ ਕਰਦੇ ਹਾਂ ।੪। ਹੇ ਨਾਨਕ! (ਆਖ—ਹੇ ਭਾਈ!) ਜਿਨ੍ਹਾਂ ਮਨੁੱਖਾਂ ਦੀ ਭਗਤੀ ਪਰਮਾਤਮਾ ਨੂੰ ਪਸੰਦ ਆਉਂਦੀ ਹੈ, ਉਹ ਮਨੁੱਖ ਪਰਮਾਤਮਾ ਦੇ ਨਾਮ ਨਾਲ ਪਿਆਰ ਪਾ ਲੈਂਦੇ ਹਨ ।੫।੧।੭।੧੬।