ਖਬਰਿਸਤਾਨ ਨੈੱਟਵਰਕ- ਥਾਰ ਵਿਚ ਚਿੱਟੇ ਸਮੇਤ ਫੜੀ ਗਈ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਨੂੰ ਸਿਹਤ ਵਿਗੜਨ ਕਾਰਨ ਏਮਜ ਬਠਿੰਡਾ ਵਿਚ ਦਾਖਲ ਕਰਵਾਇਆ ਗਿਆ ਹੈ। ਅਮਨਦੀਪ ਕੌਰ ਵਿਜੀਲੈਂਸ ਬਿਊਰੋ ਬਠਿੰਡਾ ਕੋਲ ਰਿਮਾਂਡ ’ਤੇ ਚੱਲ ਰਹੀ ਹੈ, ਜਿਸ ਦੀ ਕਿ ਅਚਾਨਕ ਸਿਹਤ ਵਿਗੜਨ ਕਾਰਨ ਉਸ ਨੂੰ ਇਲਾਜ ਲਈ ਪਹਿਲਾਂ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿਥੋਂ ਹੁਣ ਉਸ ਨੂੰ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ ਰੈਫ਼ਰ ਕੀਤਾ ਗਿਆ ਹੈ।
ਪੱਥਰੀ ਦੀ ਬੀਮਾਰੀ ਤੋਂ ਹੈ ਪੀੜਤ
ਜਾਣਕਾਰੀ ਅਨੁਸਾਰ ਉਸ ਨੂੰ ਗੁਰਦੇ ਦੀ ਪੱਥਰੀ ਹੈ, ਜਿਸ ਕਾਰਣ ਅਚਾਨਕ ਦਰਦ ਉੱਠਣ ਕਰਕੇ ਉਸ ਨੂੰ ਸਿਵਲ ਹਸਪਤਾਲ ਬਠਿੰਡਾ ਲਿਆਂਦਾ ਗਿਆ ਸੀ ਪਰ ਇੱਥੇ ਗੁਰਦਿਆਂ ਦੀਆਂ ਬਿਮਾਰੀਆਂ ਸਬੰਧੀ ਮਾਹਰ ਡਾਕਟਰ ਨਾ ਹੋਣ ਕਰਕੇ ਉਸ ਨੂੰ ਮੁੱਢਲੀ ਸਿਹਤ ਸਹੂਲਤ ਦੇਣ ਉਪਰੰਤ ਬਠਿੰਡਾ ਦੇ ਡੱਬਵਾਲੀ ਰੋਡ ’ਤੇ ਸਥਿਤ ਏਮਜ਼ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਹੁਣ ਉਸ ਦਾ ਇਲਾਜ ਚੱਲ ਰਿਹਾ ਹੈ।
17 ਗ੍ਰਾਮ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ
ਅਪ੍ਰੈਲ ਮਹੀਨੇ ਵਿੱਚ ਅਮਨਦੀਪ ਕੌਰ ਨੂੰ ਏਐਨਟੀਐਫ ਟੀਮ ਨੇ 17 ਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਸ ਗੰਭੀਰ ਮਾਮਲੇ ਵਿੱਚ ਉਸਦਾ ਨਾਮ ਆਉਣ ਤੋਂ ਬਾਅਦ, ਪੁਲਿਸ ਵਿਭਾਗ ਨੇ ਉਸਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ। ਇੱਕ ਮਹੀਨਾ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ, ਉਸਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਹੁਣ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ਵਿੱਚ ਉਸ ਵਿਰੁੱਧ ਕਾਰਵਾਈ ਕਰਦਿਆਂ ਸੋਮਵਾਰ ਨੂੰ ਉਸਨੂੰ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਅਤੇ ਅਦਾਲਤ ਤੋਂ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ, ਪਰ ਹੁਣ ਉਸਦੀ ਵਿਗੜਦੀ ਸਿਹਤ ਕਾਰਨ ਇਹ ਪੁੱਛਗਿੱਛ ਕੁਝ ਸਮੇਂ ਲਈ ਰੁਕ ਗਈ ਹੈ।
ਹੁਣ ਰਿਮਾਂਡ ਵੀ ਪ੍ਰਭਾਵਤ ਹੋਵੇਗਾ
ਹੁਣ ਇੱਥੇ ਸਵਾਲ ਇਹ ਹੈ ਕਿ ਕੀ ਸਿਹਤ ਸਮੱਸਿਆਵਾਂ ਕਾਰਨ ਵਿਜੀਲੈਂਸ ਜਾਂਚ ਪ੍ਰਭਾਵਿਤ ਹੋਵੇਗੀ? ਕੀ ਅਮਨਦੀਪ ਕੌਰ ਨੂੰ ਪੱਥਰੀ ਕਾਰਨ ਵਿਜੀਲੈਂਸ ਹਸਪਤਾਲ ਵਿੱਚ ਹੀ ਪੁੱਛਗਿੱਛ ਜਾਰੀ ਰੱਖੇਗੀ? ਆਉਣ ਵਾਲੇ ਦਿਨਾਂ ਵਿੱਚ ਇਸ ਹਾਈ ਪ੍ਰੋਫਾਈਲ ਮਾਮਲੇ ਵਿੱਚ ਕਈ ਖੁਲਾਸੇ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਗ੍ਰਿਫ਼ਤਾਰੀ ਤੋਂ ਬਾਅਦ ਇਸ ਕਰਕੇ ਲਗਾਤਾਰ ਸੁਰਖੀਆਂ ਵਿਚ ਬਣੀ ਰਹੀ ਕਿਉਂਕਿ ਉਸ ਕੋਲ ਬਠਿੰਡਾ ਵਿਚ ਆਲੀਸ਼ਾਨ ਕੋਠੀ ਤੋਂ ਇਲਾਵਾ ਮਹਿੰਗੀਆਂ-ਮਹਿੰਗੀਆਂ ਗੱਡੀਆਂ ਤੇ ਘੜੀਆਂ ਆਦਿ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ। ਵਿਜੀਲੈਂਸ ਇਸ ਪਹਿਲੂ ਤੋਂ ਜਾਂਚ ਕਰ ਰਹੀ ਹੈ ਕਿ ਆਮਦਨ ਤੋਂ ਵੱਧ ਕਿਵੇਂ ਜਾਇਦਾਦ ਬਣਾਈ ਗਈ ਹੈ।
ਇਸ ਮਗਰੋਂ ਵਿਜੀਲੈਂਸ ਨੇ ਉਸ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ। 27 ਮਈ ਨੂੰ ਵਿਜੀਲੈਂਸ ਵਲੋਂ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਵਿਜੀਲੈਂਸ ਨੂੰ ਅਮਨਦੀਪ ਕੌਰ ਦਾ ਤਿੰਨ ਦਿਨਾਂ ਦਾ ਰਿਮਾਂਡ ਦੇ ਦਿੱਤਾ ਸੀ।