ਮਿਡਲ ਈਸਟ ਵਿੱਚ ਜਾਰੀ ਜੰਗ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਫਿਲਹਾਲ ਉਹ ਈਰਾਨ ਨਾਲ ਜੰਗ ਖ਼ਤਮ ਕਰਨ ਲਈ ਕਿਸੇ ਸਮਝੌਤੇ ਲਈ ਤਿਆਰ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਈਰਾਨ ਸਮਝੌਤਾ ਕਰਨਾ ਚਾਹੁੰਦਾ ਹੈ, ਪਰ ਅਜੇ ਜੋ ਸ਼ਰਤਾਂ ਸਾਹਮਣੇ ਆਈਆਂ ਹਨ, ਉਹ ਕਾਫ਼ੀ ਨਹੀਂ ਹਨ। ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਸਮਝੌਤੇ ਦੀ ਅਹਿਮ ਸ਼ਰਤ ਇਹ ਹੋਵੇਗੀ ਕਿ ਈਰਾਨ ਪੂਰੀ ਤਰ੍ਹਾਂ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਤਿਆਗ ਦੇਵੇ।
Strait of Hormuz ਦੀ ਸੁਰੱਖਿਆ ਲਈ ਮੰਗੀ ਮਦਦ
NBC ਨੂੰ ਦਿੱਤੇ ਇੰਟਰਵਿਊ ਵਿੱਚ ਟਰੰਪ ਨੇ ਦੱਸਿਆ ਕਿ ਅਮਰੀਕਾ ਕਈ ਦੇਸ਼ਾਂ ਨਾਲ ਮਿਲ ਕੇ Strait of Hormuz (ਹਾਰਮੁਜ਼ ਜਲਡਮਰੂ) ਦੀ ਸੁਰੱਖਿਆ ਲਈ ਯੋਜਨਾ ਬਣਾ ਰਿਹਾ ਹੈ। ਇਹ ਸਮੁੰਦਰੀ ਮਾਰਗ ਤੇਲ ਟੈਂਕਰਾਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਜੰਗ ਕਾਰਨ ਇੱਥੇ ਤਣਾਅ ਵਧਣ ਨਾਲ ਵਿਸ਼ਵ ਪੱਧਰ ‘ਤੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਹੈ। ਟਰੰਪ ਨੇ ਉਮੀਦ ਜਤਾਈ ਕਿ ਚੀਨ, ਫਰਾਂਸ, ਜਾਪਾਨ, ਦੱਖਣੀ ਕੋਰੀਆ ਅਤੇ ਯੂਨਾਈਟਿਡ ਕਿੰਗਡਮ (UK) ਵਰਗੇ ਦੇਸ਼ ਵੀ ਆਪਣੇ ਜੰਗੀ ਜਹਾਜ਼ ਭੇਜ ਕੇ ਇਸ ਜਲ ਮਾਰਗ ਦੀ ਸੁਰੱਖਿਆ ਵਿੱਚ ਮਦਦ ਕਰ ਸਕਦੇ ਹਨ।
Kharg Island ‘ਤੇ ਅਮਰੀਕੀ ਹਮਲੇ ਦੀ ਪੁਸ਼ਟੀ
ਟਰੰਪ ਨੇ ਇਹ ਵੀ ਪੁਸ਼ਟੀ ਕੀਤੀ ਕਿ ਅਮਰੀਕੀ ਫੌਜ ਨੇ ਈਰਾਨ ਦੇ ਪ੍ਰਮੁੱਖ ਤੇਲ ਕੇਂਦਰ Kharg Island ‘ਤੇ ਹਮਲਾ ਕੀਤਾ ਹੈ। ਉਨ੍ਹਾਂ ਅਨੁਸਾਰ ਇਸ ਹਮਲੇ ਵਿੱਚ ਟਾਪੂ ਦੇ ਕਈ ਹਿੱਸੇ ਤਬਾਹ ਹੋ ਗਏ, ਹਾਲਾਂਕਿ ਤੇਲ ਪਾਈਪਲਾਈਨਾਂ ਅਤੇ ਊਰਜਾ ਢਾਂਚੇ ਨੂੰ ਪੂਰੀ ਤਰ੍ਹਾਂ ਨੁਕਸਾਨ ਨਹੀਂ ਪਹੁੰਚਾਇਆ ਗਿਆ ਤਾਂ ਜੋ ਉਸ ਨੂੰ ਬਾਅਦ ਵਿੱਚ ਮੁੜ ਬਣਾਇਆ ਜਾ ਸਕੇ। ਇਹ ਸੰਘਰਸ਼ 28 ਫਰਵਰੀ ਨੂੰ ਉਦੋਂ ਸ਼ੁਰੂ ਹੋਇਆ ਸੀ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ‘ਤੇ ਸਾਂਝੇ ਹਮਲੇ ਕੀਤੇ ਸਨ, ਜਿਸ ਤੋਂ ਬਾਅਦ ਈਰਾਨ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਈਰਾਨੀ ਲੀਡਰਸ਼ਿਪ ‘ਤੇ ਸਵਾਲ
ਟਰੰਪ ਦਾ ਦਾਅਵਾ ਹੈ ਕਿ ਅਮਰੀਕੀ ਹਮਲਿਆਂ ਵਿੱਚ ਈਰਾਨ ਦੇ ਕਈ ਮਿਜ਼ਾਈਲ ਅਤੇ ਡਰੋਨ ਸਿਸਟਮ ਨਸ਼ਟ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਈਰਾਨ ਦੇ ਨਵੇਂ ਸਰਵਉੱਚ ਨੇਤਾ ਮੁਜਤਬਾ ਖਾਮੇਨੇਈ ਨੂੰ ਲੈ ਕੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉਹ ਜਨਤਕ ਤੌਰ ‘ਤੇ ਸਾਹਮਣੇ ਕਿਉਂ ਨਹੀਂ ਆਏ ਹਨ। ਇਸ ਦੇ ਨਾਲ ਹੀ ਟਰੰਪ ਨੇ ਵਧਦੀਆਂ ਪੈਟਰੋਲ ਕੀਮਤਾਂ ਬਾਰੇ ਕਿਹਾ ਕਿ ਜੰਗ ਖ਼ਤਮ ਹੋਣ ਤੋਂ ਬਾਅਦ ਤੇਲ ਅਤੇ ਗੈਸ ਦੀਆਂ ਕੀਮਤਾਂ ਮੁੜ ਘੱਟ ਜਾਣਗੀਆਂ।