ਖਬਰਿਸਤਾਨ ਨੈੱਟਵਰਕ- ਪੰਜਾਬ ਵਿਚ ਅੱਜ ਇਕ ਹੋਰ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿਥੇ ਦੋਹਰਾ ਕਤਲਕਾਂਡ ਦੀ ਜਾਣਕਾਰੀ ਮਿਲੀ ਹੈ। ਇਹ ਖੂਨੀ ਵਾਰਦਾਤ ਮਾਨਸਾ ਤੋਂ ਸਾਹਮਣੇ ਆਈ ਹੈ, ਜਿਥੇ ਅੱਜ ਇਕ ਵਪਾਰੀ ਅਤੇ ਉਸ ਦੇ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ।
ਫਾਰਮ ਹਾਊਸ ਵਿਚ ਬੈਠਿਆਂ ਦੇ ਮਾਰੀਆਂ ਗੋਲੀਆਂ
ਮੀਡੀਆ ਰਿਪੋਰਟ ਮੁਤਾਬਕ ਇਹ ਵਾਰਦਾਤ ਵਪਾਰੀ ਦੇ ਸਰਦੂਲਗੜ੍ਹ ਸਥਿਤ ਫ਼ਾਰਮ ਹਾਊਸ ਅੰਦਰ ਵਾਪਰੀ, ਜਿਸ ਨਾਲ 2 ਲੋਕਾਂ ਦੀ ਮੌਤ ਹੋ ਗਈ ਹੈ। ਫਿਲਹਾਲ ਇਸ ਵਾਰਦਾਤ ਪਿੱਛੇ ਕਿਸ ਦਾ ਹੱਥ ਹੈ ਤੇ ਕਿਸ ਨੇ ਕਿਹੜੇ ਮਕਸਦ ਨਾਲ ਕਰਵਾਈ ਇਸ ਬਾਰੇ ਪੁਲਸ ਜਾਂਚ ਜਾਰੀ ਹੈ।
ਕਿਵੇਂ ਵਾਪਰੀ ਸਾਰੀ ਵਾਰਦਾਤ
ਸਵੇਰੇ ਫਾਰਮ ਹਾਊਸ ਵਿਚ ਵਪਾਰੀ ਜਸਵੀਰ ਸਿੰਘ ਅਤੇ ਉਸ ਦੇ ਮੁਲਾਜ਼ਮ ਬਲਦੇਵ ਸਿੰਘ ਉਤੇ ਫਾਇਰਿੰਗ ਹੋਈ। ਇਸ ਬਾਰੇ ਸੂਚਨਾ ਮਿਲਦਿਆਂ ਹੀ ਪੁਲਸ ਪਾਰਟੀ ਮੌਕੇ ‘ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ਉਤੇ ਫੋਰੈਂਸਿਕ ਟੀਮਾਂ ਵੀ ਪੁੱਜੀਆਂ। ਮ੍ਰਿਤਕ ਜਸਵੀਰ ਸਿੰਘ ਦੇ ਚਾਚਾ ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 10 ਵਜੇ ਘਟਨਾ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਨੇ ਪੁਲਸ ਅੱਗੇ ਇਨਸਾਫ਼ ਦੀ ਗੁਹਾਰ ਲਗਾਈ ਹੈ ਤੇ ਕਾਤਲਾਂ ਨੂੰ ਜਲਦ ਤੋਂ ਜਲਦ ਫੜਨ ਦੀ ਮੰਗ ਕੀਤੀ।
ਪੁਲਸ ਜਾਂਚ ਵਿਚ ਜੁਟੀ
ਐੱਸ. ਐੱਸ. ਪੀ. ਭਾਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਸਥਿਤ ਫਾਰਮ ਹਾਊਸ ਵਿਚ ਦੋ ਵਿਅਕਤੀਆਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। ਪੁਲਸ ਬਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।