ਖ਼ਬਰਿਸਤਾਨ ਨੈੱਟਵਰਕ: ਜਲੰਧਰ ਵਿੱਚ ਅਪਰਾਧ ਇਸ ਕਦਰ ਵਧ ਗਿਆ ਹੈ ਕਿ ਅਪਰਾਧੀ ਹੁਣ ਨਕਲੀ ਪੁਲਿਸ ਬਣ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਸ ਮਾਮਲੇ ਵਿੱਚ ਨਵੀਂ ਬਾਰਾਦਰੀ ਪੁਲਿਸ ਨੇ ਫਰਜ਼ੀ ਪੁਲਿਸ ਗੈਂਗ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 8 ਫੋਨ, 3 ਬਾਈਕ ਅਤੇ ਇੱਕ ਤੇਜ਼ਧਾਰ ਹਥਿਆਰ (ਦਾਤਰ) ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਕਰਨਵੀਰ ਸਿੰਘ ਉਰਫ਼ ਕਰਨ, ਸਬਰਜੀਤ ਸਿੰਘ ਉਰਫ਼ ਸ਼ੌਂਟੀ, ਅਮਨਪਾਲ ਸਿੰਘ ਉਰਫ਼ ਰਿੰਕੂ ਅਤੇ ਮਨਪ੍ਰੀਤ ਸਿੰਘ ਉਰਫ਼ ਮੰਤਰ ਵਜੋਂ ਹੋਈ ਹੈ।
ਖਾਕੀ ਪੱਗ ਅਤੇ ਬੂਟ ਪਾ ਕੇ ਕਰਦੇ ਸਨ ਲੁੱਟ
ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ 13 ਜਨਵਰੀ ਦੀ ਰਾਤ ਨੂੰ ਪੌਣੇ ਇੱਕ ਵਜੇ ਰਾਜ ਕੁਮਾਰ ਸ਼ਰਮਾ ਅਤੇ ਉਸਦਾ ਦੋਸਤ ਮਨਪ੍ਰੀਤ ਦਿੱਲੀ ਤੋਂ ਰੇਲਗੱਡੀ ਰਾਹੀਂ ਸਿਟੀ ਰੇਲਵੇ ਸਟੇਸ਼ਨ ਆਏ ਸਨ। ਸਟੇਸ਼ਨ ਤੋਂ ਉਹ ਬੱਸ ਸਟੈਂਡ ਲਈ ਪੈਦਲ ਚੱਲ ਪਏ। ਜਦੋਂ ਉਹ ਲਾਡੋਵਾਲੀ ਰੋਡ ‘ਤੇ ਪਹੁੰਚੇ ਤਾਂ ਬਾਈਕ ਸਵਾਰ ਤਿੰਨ ਨੌਜਵਾਨ ਆਏ, ਜਿਨ੍ਹਾਂ ਵਿੱਚੋਂ 2 ਨੇ ਖਾਕੀ ਪੱਗ ਬੰਨ੍ਹੀ ਹੋਈ ਸੀ ਅਤੇ ਪੁਲਿਸ ਵਾਲੇ ਬੂਟ ਪਾਏ ਹੋਏ ਸਨ।
ਇਨ੍ਹਾਂ ਤਿੰਨਾਂ ਨੇ ਪੁਲਿਸ ਵਾਲੇ ਬਣ ਕੇ ਦੋਵਾਂ ਕੋਲੋਂ ਦੇਰ ਰਾਤ ਘੁੰਮਣ ਦਾ ਕਾਰਨ ਪੁੱਛਿਆ। ਇਸ ਤੋਂ ਬਾਅਦ ਉਨ੍ਹਾਂ ਨੇ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਰੋਅਬ ਝਾੜਿਆ ਅਤੇ ਡਰਾ-ਧਮਕਾ ਕੇ 9660 ਰੁਪਏ ਤੇ ਆਈਫੋਨ ਲੈ ਕੇ ਫਰਾਰ ਹੋ ਗਏ।
ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਪੀੜਤ ਦੀ ਸ਼ਿਕਾਇਤ ‘ਤੇ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਜਾਂਚ ਕੀਤੀ ਤਾਂ ਮੁਲਜ਼ਮ ਨਜ਼ਰ ਆ ਗਏ। ਉਨ੍ਹਾਂ ਦੇ ਬਾਈਕ ‘ਤੇ ਨੰਬਰ ਪਲੇਟ ਨਹੀਂ ਸੀ। ਪੁਲਿਸ ਇਨ੍ਹਾਂ ਦੀ ਤਲਾਸ਼ ਵਿੱਚ ਮੁਸਤੈਦ ਸੀ ਕਿ ਮੁਲਜ਼ਮ ਮੁੜ ਵਾਰਦਾਤ ਕਰਨ ਦੀ ਫਿਰਾਕ ਵਿੱਚ ਆਏ, ਪਰ ਇਸ ਵਾਰ ਅਸਲੀ ਪੁਲਿਸ ਦੇ ਹੱਥੇ ਚੜ੍ਹ ਗਏ।
ਨਸ਼ੇ ਦੀ ਪੂਰਤੀ ਲਈ ਬਣਾਇਆ ਸੀ ਗੈਂਗ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਰਨ ਅਤੇ ਅਮਨਪਾਲ ਥਾਣੇਦਾਰਾਂ ਵਾਲੇ ਬੂਟ ਤੇ ਪੱਗ ਬੰਨ੍ਹ ਕੇ ਉੱਪਰੋਂ ਜੈਕਟ ਪਾ ਲੈਂਦੇ ਸਨ ਅਤੇ ਸਰਬਜੀਤ ਸਾਦੇ ਕੱਪੜਿਆਂ ਵਿੱਚ ਹੁੰਦਾ ਸੀ। ਮੁਲਜ਼ਮ ਪਹਿਲਾਂ ਘੁੰਮ-ਫਿਰ ਕੇ ਐਨਕਾਂ ਵੇਚਦੇ ਸਨ, ਪਰ ਬਾਅਦ ਵਿੱਚ ਨਸ਼ੇ ਦੇ ਆਦੀ ਹੋ ਗਏ। ਨਸ਼ੇ ਲਈ ਪੈਸੇ ਨਾ ਹੋਣ ਕਾਰਨ ਉਨ੍ਹਾਂ ਨੇ 2 ਮਹੀਨੇ ਪਹਿਲਾਂ ਇਹ ਗੈਂਗ ਬਣਾ ਲਿਆ ਸੀ।
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਵਾਰਦਾਤਾਂ ਕਰ ਰਹੇ ਸਨ। ਉਨ੍ਹਾਂ ਨੇ ਇੱਕ ਮਜ਼ਦੂਰ ਨੂੰ ਡਰਾ ਕੇ ਉਸ ਦਾ ਬਾਈਕ ਵੀ ਖੋਹ ਲਿਆ ਸੀ। ਫਿਲਹਾਲ ਪੁਲਿਸ ਇਨ੍ਹਾਂ ਦੇ ਹੋਰ ਸੰਪਰਕਾਂ ਦੀ ਜਾਂਚ ਕਰ ਰਹੀ ਹੈ ਅਤੇ ਨਸ਼ੇ ਦੇ ਮਾਮਲੇ ਵਿੱਚ ਵੀ ਕਾਰਵਾਈ ਕੀਤੀ ਜਾ ਰਹੀ ਹੈ।