ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ-ਹਰਿਆਣਾ ਦੀ ਖਨੌਰੀ ਸਰਹੱਦ ‘ਤੇ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਅੱਜ 100ਵਾਂ ਦਿਨ ਹੈ। ਡੱਲੇਵਾਲ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨ। ਅੱਜ ਬੁੱਧਵਾਰ 100 ਕਿਸਾਨ ਖਨੌਰੀ ਮੋਰਚੇ ‘ਤੇ ਇੱਕ ਦਿਨ ਦੀ ਭੁੱਖ ਹੜਤਾਲ ‘ਤੇ ਬੈਠਣਗੇ। ਇਸੇ ਤਰ੍ਹਾਂ, ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਜ਼ਿਲ੍ਹਾ ਅਤੇ ਤਹਿਸੀਲ ਪੱਧਰ ‘ਤੇ ਕਿਸਾਨ ਭੁੱਖ ਹੜਤਾਲ ‘ਤੇ ਰਹਿਣਗੇ।
26 ਨਵੰਬਰ ਤੋਂ ਮਰਨ ਵਰਤ ਉਤੇ
ਡੱਲੇਵਾਲ ਨੇ 26 ਨਵੰਬਰ ਨੂੰ ਆਪਣਾ ਮਰਨ ਵਰਤ ਸ਼ੁਰੂ ਕੀਤਾ ਜਦੋਂ ਕੇਂਦਰ ਸਰਕਾਰ ਉਨ੍ਹਾਂ ਨਾਲ ਕਿਸੇ ਵੀ ਮੁੱਦੇ ‘ਤੇ ਗੱਲ ਨਹੀਂ ਕਰ ਰਹੀ ਸੀ। ਜਦੋਂ ਕਿ ਵਿਰੋਧ ਪ੍ਰਦਰਸ਼ਨ 13 ਫਰਵਰੀ 2024 ਤੋਂ ਚੱਲ ਰਿਹਾ ਹੈ। ਇਸ ਸਮੇਂ ਉਹਨਾਂ ਨੇ ਕਿਹਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦਾ ਖਾਣਾ ਨਹੀਂ ਖਾਣਗੇ ਅਤੇ ਕੋਈ ਡਾਕਟਰੀ ਸਹੂਲਤ ਨਹੀਂ ਲੈਣਗੇ ਪਰ ਜਦੋਂ ਉਹਨਾਂ ਦਾ ਮਰਨ ਵਰਤ 50 ਦਿਨ ਪੂਰਾ ਹੋ ਗਿਆ। ਉਸੇ ਸਮੇਂ ਡੱਲੇਵਾਲ ਦੀ ਸਿਹਤ ਵਿਗੜਨ ਲੱਗੀ ਅਤੇ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਇਸ ਦੌਰਾਨ ਕੇਂਦਰ ਤੇ ਕਿਸਾਨਾਂ ਵਿਚਕਾਰ ਮੀਟਿੰਗਾਂ ਵੀ ਹੋ ਚੁੱਕੀਆਂ ਹਨ, ਜੋ ਕਿ ਬੇਸਿੱਟਾ ਹੀ ਰਹੀਆਂ ਹਨ।
ਕੇਂਦਰ ਨਾਲ ਮੀਟਿੰਗਾਂ ਰਹੀਆਂ ਬੇਸਿੱਟਾ
ਇਸ ਤੋਂ ਬਾਅਦ, ਕੇਂਦਰ ਸਰਕਾਰ ਦੇ ਅਧਿਕਾਰੀ ਮੋਰਚੇ ‘ਤੇ ਪਹੁੰਚ ਗਏ। ਉਹਨਾਂ ਨੇ ਕਿਸਾਨਾਂ ਨੂੰ 14 ਫਰਵਰੀ ਨੂੰ ਇੱਕ ਮੀਟਿੰਗ ਲਈ ਸੱਦਾ ਦਿੱਤਾ। ਇਸ ਤੋਂ ਬਾਅਦ, ਡੱਲੇਵਾਲ ਨੇ ਡਾਕਟਰੀ ਸਹਾਇਤਾ ਲੈਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ 22 ਫਰਵਰੀ ਨੂੰ ਇੱਕ ਮੀਟਿੰਗ ਹੋਈ। ਜਦੋਂ ਕਿ ਹੁਣ ਮੀਟਿੰਗ 19 ਮਾਰਚ ਨੂੰ ਹੋਣੀ ਹੈ।
ਕਿਸਾਨਾਂ ਨੂੰ ਨਹੀਂ ਕਰਨ ਦਿੱਤਾ ਜਾ ਰਿਹੈ ਦਿੱਲੀ ਕੂਚ
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਤਿੰਨ ਖੇਤੀ ਕਨੂੰਨ ਰੱਦ ਕਰਵਾਉਣ ਲਈ ਚੱਲੇ ਸੰਘਰਸ਼ ਨੂੰ ਖਤਮ ਕਰਵਾਉਣ ਲਈ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਬਹੁਤੀਆਂ ਮੰਗਾ ਮੰਨ ਲਈਆਂ ਗਈਆਂ ਸਨ ਪਰ ਉਨ੍ਹਾਂ ਨੂੰ ਲਾਗੂ ਕਰਨ ਲਈ ਸਰਕਾਰ ਆਨਾਕਾਨੀ ਕਰ ਰਹੀ ਹੈ, ਜਿਸ ਨੂੰ ਲਾਗੂ ਕਰਵਾਉਣ ਲਈ ਮੁੜ ਤੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਹਰਿਆਣਾ ਬਾਰਡਰ ਉਤੇ ਰੋਕ ਦਿੱਤਾ ਗਿਆ। ਕਿਸਾਨਾਂ ਨੇ ਪੈਦਲ ਵੀ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ।