ਅੰਮ੍ਰਿਤਸਰ ‘ਚ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸੂਬਾ ਸਰਕਾਰ ਤੋਂ ਅੱਜ ਸ਼ੁਰੂ ਹੋਏ ਸੈਸ਼ਨ ਨੂੰ ਵਧਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਇੱਕ ਮੰਗ ਰੱਖੀ ਕਿ ਉਨ੍ਹਾਂ ਦੀਆਂ 12 ਮੰਗਾਂ ‘ਤੇ ਸੈਸ਼ਨ ਵਿੱਚ ਇੱਕ ਮਤਾ ਪਾਸ ਕੀਤਾ ਜਾਵੇ ਅਤੇ ਇਸਨੂੰ ਕੇਂਦਰ ਨੂੰ ਦਿੱਤਾ ਜਾਵੇ| ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਆਪਣਾ ਫੈਸਲਾ ਮੁਲਤਵੀ ਕਰ ਦਿੱਤਾ ਹੈ। ਹੁਣ ਕਿਸਾਨ 25 ਫ਼ਰਵਰੀ ਦੀ ਵਜਾਏ 25 ਮਾਰਚ ਨੂੰ ਦਿੱਲੀ ਕੂਚ ਕਰਨਗੇ|
ਇਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸੂਬਾ ਸਰਕਾਰ ਨੂੰ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਜ਼ਬਰਦਸਤੀ ਕਬਜ਼ਾ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੂੰ ਢੁਕਵਾਂ ਮੁਆਵਜ਼ਾ ਦਿਓ। ਇਸ ਵੇਲੇ ਸਾਡਾ ਧਿਆਨ ਕੇਂਦਰ ਵੱਲ ਹੈ। ਜੇਕਰ ਕਿਸੇ ਵੀ ਜ਼ਿਲ੍ਹੇ ਵਿੱਚ ਜ਼ਬਰਦਸਤੀ ਜ਼ਮੀਨ ਪ੍ਰਾਪਤ ਕੀਤੀ ਗਈ, ਤਾਂ ਅਸੀਂ ਪੰਜਾਬ ਸਰਕਾਰ ਦਾ ਜਿਊਣਾ ਮੁਸ਼ਕਲ ਕਰ ਦੇਵਾਂਗੇ।
ਅੰਦੋਲਨਕਾਰੀ ਕਿਸਾਨਾਂ ਅਤੇ ਕੇਂਦਰ ਵਿਚਕਾਰ MSP ਤੇ ਹੋਰ ਮੰਗਾਂ ਸਬੰਧੀ ਛੇਵੀਂ ਮੀਟਿੰਗ ਵੀ ਬੇਸਿੱਟਾ ਰਹੀ। ਚੰਡੀਗੜ੍ਹ ਵਿੱਚ ਢਾਈ ਘੰਟੇ ਚੱਲੀ ਮੀਟਿੰਗ ਵਿੱਚ ਵੀ ਕੋਈ ਹੱਲ ਨਹੀਂ ਨਿਕਲ ਸਕਿਆ। ਇਸ ਮੀਟਿੰਗ ‘ਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਸਮੇਤ ਪੰਜਾਬ ਕੈਬਨਿਟ ਦੇ ਤਿੰਨ ਮੰਤਰੀ ਵੀ ਮੌਜੂਦ ਸਨ। ਅਗਲੀ ਮੀਟਿੰਗ 19 ਮਾਰਚ ਨੂੰ ਚੰਡੀਗੜ੍ਹ ਵਿੱਚ ਹੋਵੇਗੀ। ਇਹ ਕਿਸਾਨਾਂ ਦੀ ਕੇਂਦਰ ਨਾਲ ਪਹਿਲੀ ਮੀਟਿੰਗ ਨਹੀਂ ਸੀ, ਇਸ ਤੋਂ ਪਹਿਲਾਂ ਵੀ ਕੇਂਦਰ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਅਜੇ ਤੱਕ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ ਹੈ।