ਸ਼ੰਭੂ ਬਾਰਡਰ ਤੋਂ ਕਿਸਾਨ ਆਗੂ ਸਰਵਣ ਪੰਧੇਰ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਇਕ ਵਾਰ ਫਿਰ 101 ਕਿਸਾਨਾਂ ਦਾ ਚੌਥਾ ਜਥਾ ਪੈਦਲ ਦਿੱਲੀ ਕੂਚ ਕਰੇਗਾ।
ਸ਼ੰਭੂ ਬਾਰਡਰ ਤੋਂ ਐਲਾਨ ਕਰਦੇ ਹੋਏ ਪੰਧੇਰ ਨੇ ਕਿਹਾ ਕਿ 21 ਜਨਵਰੀ ਨੂੰ ਇਹ ਜਥਾ ਦਿੱਲੀ ਕੂਚ ਕਰੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਿਸਾਨਾਂ ਨੇ 3 ਜਥਿਆਂ ਦੇ ਰੂਪ ਵਿਚ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਸੀ ਪਰ ਹਰਿਆਣਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅੱਗ ਨਹੀਂ ਜਾਣ ਦਿੱਤੀ ਸੀ। ਇਸ ਦੌਰਾਨ ਕਿਸਾਨਾਂ ਉਤੇ ਹੰਝੂ ਗੈਸ ਦੇ ਗੋਲੇ ਵੀ ਸੁੱਟੇ ਗਏ ਤੇ ਬੈਰੀਗੇਂਡਿੰਗ ਕਰ ਕੇ ਰੋਕਿਆ ਗਿਆ।
26 ਜਨਵਰੀ ਨੂੰ ਟਰੈਕਟਰ ਮਾਰਚ
ਦੱਸ ਦੇਈਏ ਕਿ 18 ਤਰੀਕ ਨੂੰ ਕਿਸਾਨ ਅੰਦੋਲਨ ਸਬੰਧੀ SKM ਆਗੂਆਂ ਨਾਲ ਮੀਟਿੰਗ ਹੋਵੇਗੀ। ਇਸ ਤੋਂ ਬਾਅਦ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ। ਇਹ ਮਾਰਚ ਦੇਸ਼ ਭਰ ਵਿੱਚ ਕੱਢਿਆ ਜਾਵੇਗਾ।
ਕਿਸਾਨੀ ਮੰਗਾਂ ਨੂੰ ਲੈ ਕੇ ਡੱਲੇਵਾਲ ਦਾ ਮਰਨ ਵਰਤ ਜਾਰੀ
ਦੱਸ ਦੇਈਏ ਕਿ ਕਿਸਾਨ ਆਗੂ ਡੱਲੇਵਾਲ ਕਿਸਾਨੀ ਮੰਗਾਂ ਜਿਵੇਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਮਰਨ ਵਰਤ ਕਰ ਰਹੇ ਹਨ, ਜੋ ਕਿ ਅੱਜ (ਵੀਰਵਾਰ) ਨੂੰ 52ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਉਨ੍ਹਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ।
111 ਕਿਸਾਨ ਭੁੱਖ ਹੜਤਾਲ ‘ਤੇ ਬੈਠੇ
ਬੀਤੇ ਦਿਨੀਂ ਖਨੌਰੀ ਬਾਰਡਰ ਉੱਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਕਰਦਿਆਂ 111 ਕਿਸਾਨ ਮਰਨ ਵਰਤ ਉੱਤੇ ਬੈਠ ਗਏ ਸਨ। ਅੱਜ ਉਨ੍ਹਾਂ ਦਾ ਵਰਤ ਦੂਜੇ ਦਿਨ ਵਿਚ ਦਾਖਲ ਹੋ ਗਿਆ। ਕਿਸਾਨ ਪੁਲਸ ਦੀ ਬੈਰੀਕੇਡਿੰਗ ਕੋਲ ਬੈਠੇ ਹਨ। ਇਸ ਮੌਕੇ ਪ੍ਰਸ਼ਾਸਨ ਵੱਲੋਂ ਭਾਰੀ ਪੁਲਸ ਬਲ ਤਾਇਨਾਤ ਕੀਤਾ ਗਿਆ। ਕਿਸਾਨਾਂ ਨੇ ਕਾਲੇ ਰੰਗ ਦੇ ਕੱਪੜੇ ਪਾ ਕੇ ਮਰਨ ਵਰਤ ਸ਼ੁਰੂ ਕੀਤਾ।