ਪੰਜਾਬ ‘ਚ ਅੱਜ ਕਿਸਾਨਾਂ ਵੱਲੋਂ ਰੇਲਵੇ ਜਾਮ ਕਰਨ ਦਾ ਐਲਾਨ ਕੀਤਾ ਸੀ। ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਵੱਡਾ ਐਕਸ਼ਨ ਲੈਂਦਿਆਂ ਕਈ ਕਿਸਾਨ ਆਗੂਆਂ ਨੂੰ ਘਰਾਂ ’ਚ ਨਜ਼ਰਬੰਦ ਕਰ ਦਿੱਤਾ ਹੈ। ਕਿਸਾਨਾਂ ਨੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਸਮੇਤ 19 ਜ਼ਿਲ੍ਹਿਆਂ ਵਿੱਚ 26 ਥਾਵਾਂ ‘ਤੇ ਰੇਲਵੇ ਪਟੜੀਆਂ ‘ਤੇ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਸੀ।
ਕੈਂਟ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਲਿਆ ਹਿਰਾਸਤ ‘ਚ
ਲੁਧਿਆਣਾ ‘ਚ ਪੁਲਿਸ ਨੇ ਕਿਸਾਨਾਂ ਨੂੰ ਰੇਲਵੇ ਪਟੜੀਆਂ ‘ਤੇ ਜਾਣ ਤੋਂ ਵੀ ਰੋਕਿਆ ਗਿਆ ਹੈ, ਜਦੋਂ ਕਿ ਜਲੰਧਰ ‘ਚ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਨੇ ਕਿਸਾਨ ਮਨਜੀਤ ਰਾਏ ਅਤੇ ਉਸਦੇ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਜੋ ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਪ੍ਰਦਰਸ਼ਨ ਕਰ ਰਹੇ ਸਨ।
ਡੀਸੀਪੀ ਨਰੇਸ਼ ਡੋਗਰਾ ਨੇ ਦਿੱਤਾ ਬਿਆਨ
ਪੁਲਿਸ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਨੂੰ ਬਾਹਰ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰਨ ਲਈ ਕਿਹਾ ਗਿਆ ਸੀ, ਪਰ ਉਹ ਰੇਲਵੇ ਸਟੇਸ਼ਨ ਜਾਣ ਅਤੇ ਪਟੜੀਆਂ ‘ਤੇ ਬੈਠਣ ‘ਤੇ ਅੜੇ ਰਹੇ। ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਸ ਨੂੰ ਰੋਕਣ ਦਾ ਹੁਕਮ ਦਿੱਤਾ ਸੀ, ਇਸ ਲਈ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।