ਸ਼ੰਭੂ ਬਾਰਡਰ ‘ਤੇ ਅੱਜ ਕਿਸਾਨ ਮਹਾਪੰਚਾਇਤ ਹੋ ਰਹੀ ਹੈ, ਜਿਸ ਵਿਚ ਵੱਡੀ ਗਿਣਤੀ ਕਿਸਾਨ ਪਹੁੰਚਣਗੇ। ਇਸ਼ ਸਬੰਧੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਕਿਸਾਨ ਆਗੂਆਂ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ, ਜਿਸ ਵਿੱਚ ਮਹਾਂਪੰਚਾਇਤ ਦੇ ਆਯੋਜਨ ਲਈ ਸਾਰੀਆਂ ਜ਼ਰੂਰੀ ਤਿਆਰੀਆਂ ਦੀ ਸਮੀਖਿਆ ਕੀਤੀ ਗਈ।ਜ਼ਿਕਰਯੋਗ ਹੈ ਕਿ 11 ਤੇ 12 ਫਰਵਰੀ ਨੂੰ ਵੀ ਕਿਸਾਨ ਮਹਾਪੰਚਾਇਤਾਂ ਹੋ ਚੁੱਕੀਆਂ ਹਨ।
ਵੱਧ ਤੋਂ ਵੱਧ ਕਿਸਾਨਾਂ ਨੂੰ ਸ਼ੰਭੂ ਬਾਰਡਰ ਪੁੱਜਣ ਦੀ ਅਪੀਲ
ਮੀਟਿੰਗ ਵਿੱਚ ਲੰਗਰ, ਪਾਣੀ, ਪਾਰਕਿੰਗ, ਸਟੇਜ ਪ੍ਰਬੰਧਨ ਸਮੇਤ ਸਾਰੇ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਪੰਧੇਰ ਨੇ ਸਾਰੇ ਕਿਸਾਨ-ਮਜ਼ਦੂਰ ਸੰਗਠਨਾਂ ਅਤੇ ਆਮ ਜਨਤਾ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸ਼ੰਭੂ ਬਾਰਡਰ ‘ਤੇ ਪਹੁੰਚਣ ਅਤੇ ਇਸ ਮਹਾਪੰਚਾਇਤ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਮਹਾਪੰਚਾਇਤ ਕਿਸਾਨਾਂ ਦੇ ਹੱਕਾਂ ਦੀ ਲੜਾਈ ਨੂੰ ਮਜ਼ਬੂਤ ਕਰਨ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਸ ਦਾ ਪ੍ਰਭਾਵ ਪੂਰੇ ਦੇਸ਼ ‘ਤੇ ਪਵੇਗਾ।
ਸ਼ੰਭੂ ਬਾਰਡਰ ਮੋਰਚੇ ਨੂੰ ਹੋਇਆ ਇਕ ਸਾਲ
ਦੱਸ ਦੇਈਏ ਕਿ MSP ਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਨੂੰ ਸ਼ੰਭੂ ਤੇ ਖਨੌਰੀ ਬਾਰਡਰ ਉਤੇ ਬੈਠਿਆਂ ਨੂੰ ਅੱਜ ਇਕ ਸਾਲ ਹੋ ਗਿਆ ਹੈ। ਪੰਜਾਬ ਤੋਂ ਕਿਸਾਨ ਮੰਗਾਂ ਨੂੰ ਲੈ ਕੇ ਦਿੱਲੀ ਲਈ ਨਿਕਲੇ ਸਨ ਪਰ ਹਰਿਆਣਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ, ਉਸ ਤੋਂ ਬਾਅਦ ਕਿਸਾਨਾਂ ਨੇ ਉਥੇ ਹੀ ਪੱਕਾ ਮੋਰਚਾ ਲਾ ਲਿਆ। ਇਸ ਤੋਂ ਬਾਅਦ ਵੀ ਕਿਸਾਨਾਂ ਨੇ ਕਈ ਵਾਰ ਪੈਦਲ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਨੂੂੰ ਦਿੱਲੀ ਕੂਚ ਨਹੀਂ ਕਰਨ ਦਿੱਤਾ ਗਿਆ।
ਕਿਸਾਨ ਆਗੂ ਡੱਲੇਵਾਲ ਦੇ ਮਰਨ ਵਰਤ ਨੂੰ ਹੋਣ ਵਾਲੇ 3 ਮਹੀਨੇ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਬਾਰਡਰ ਉਤੇ ਮਰਨ ਵਰਤ ਉਤੇ ਬੈਠਿਆਂ ਨੂੰ 3 ਮਹੀਨੇ ਦੇ ਕਰੀਬ ਹੋਣ ਵਾਲੇ ਹਨ। ਉਹ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਉਤੇ ਬੈਠੇ ਹੋਏ ਹਨ। ਡੱਲੇਵਾਲ ਨੇ ਕਿਹਾ ਕਿ ਉਹਨਾਂ ਦੀ ਦਿਲੀ ਇੱਛਾ ਹੈ ਕਿ 14 ਫਰਵਰੀ ਨੂੰ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਵਿੱਚ ਮੈਂ ਖੁਦ ਹਾਜ਼ਰ ਹੋਵਾਂਗਾ ਤਾਂ ਜੋ ਇਕੱਠੇ ਹੋ ਕੇ ਕਿਸਾਨਾਂ ਦਾ ਪੱਖ ਜ਼ੋਰਦਾਰ ਢੰਗ ਨਾਲ ਪੇਸ਼ ਕਰ ਸਕੀਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਸੰਸਦ ਅੱਗੇ ਝੁਕਦੇ ਕਹਿੰਦੇ ਸਨ ਕਿ ਮੈਂ ਸੰਸਦ ਦੀ ਹਰ ਭਾਵਨਾ ਦਾ ਸਤਿਕਾਰ ਕਰਾਂਗਾ, ਪਰ ਉਸੇ ਸੰਸਦ ਦੀ ਖੇਤੀਬਾੜੀ ਬਾਰੇ ਸਥਾਈ ਕਮੇਟੀ ਨੇ ਆਪਣੀ ਰਿਪੋਰਟ ਵਿੱਚ MSP ਦਾ ਗਾਰੰਟੀ ਕਾਨੂੰਨ ਬਣਾਉਣ ਦੀ ਸਿਫਾਰਸ਼ ਕੀਤੀ ਹੈ, ਪਰ ਮੋਦੀ ਸਰਕਾਰ ਸੰਸਦ ਦੀ ਰਿਪੋਰਟ ਨੂੰ ਲਾਗੂ ਨਹੀਂ ਕਰ ਰਹੀ।