ਮਾਨਸਾ ‘ਚ ਬੱਸ ਦੇ ਅਚਾਨਕ ਬ੍ਰੇਕ ਲਗਾਉਣ ‘ਤੇ ਪਿੱਛੇ ਤੋਂ ਆ ਰਹੀ ਇੱਕ ਬਾਈਕ ਬੱਸ ਦੇ ਹੇਠਾਂ ਆ ਗਈ| ਇਹ ਹਾਦਸਾ ਬਠਿੰਡਾ-ਮਾਨਸਾ ਰਾਜ ਮਾਰਗ ‘ਤੇ ਭੈਣੀ ਬਾਘਾ ਪਿੰਡ ਨੇੜੇ ਵਾਪਰਿਆ। ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਹਾਲਤ ਵਿੱਚ ਹਨ।
ਜ਼ਖਮੀਆਂ ਨੂੰ ਪਹਿਲਾਂ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬਠਿੰਡਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਹਾਦਸੇ ਵਿੱਚ ਬਾਈਕ ‘ਤੇ ਸਵਾਰ ਦੁੱਧ ਵਿਕਰੇਤਾ ਸੰਦੀਪ ਸਿੰਘ ਅਤੇ ਉਸਦੇ ਪੁੱਤਰ ਏਕਮ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੰਦੀਪ ਦੀ ਪਤਨੀ ਨਿਰਮਲ ਕੌਰ ਅਤੇ ਧੀ ਸੁਖਮਨ ਕੌਰ ਗੰਭੀਰ ਜ਼ਖਮੀ ਹੋ ਗਏ।
ਸਥਾਨਕ ਨਿਵਾਸੀ ਨਿਰਮਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੰਦੀਪ ਸਿੰਘ ਆਪਣੇ ਪਰਿਵਾਰ ਨਾਲ ਇੱਕ ਵਿਆਹ ਸਮਾਗਮ ਵਿੱਚ ਜਾ ਰਿਹਾ ਸੀ। ਉਹ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ। ਇਸ ਹਾਦਸੇ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪਿੰਡ ਵਾਸੀਆਂ ਨੇ ਬੱਸ ਡਰਾਈਵਰ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।