ਖ਼ਬਰਿਸਤਾਨ ਨੈੱਟਵਰਕ:ਫ਼ਿਰੋਜ਼ਪੁਰ ਦੇ ਸਿਟੀ ਥਾਣੇ ਵਿੱਚ ਇੱਕ ਮੁਲਜ਼ਮ ਨੂੰ ਛੱਡਣ ਦੇ ਮੁੱਦੇ ‘ਤੇ ਐੱਸ.ਐੱਚ.ਓ. (SHO) ਅਤੇ ਏ.ਐੱਸ.ਆਈ. (ASI) ਆਪਸ ਵਿੱਚ ਭਿੜ ਗਏ। ਦੋਵਾਂ ਵਿਚਾਲੇ ਤਿੱਖੀ ਬਹਿਸ ਹੋਈ, ਜਿਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਲਜ਼ਾਮ ਹੈ ਕਿ ਐੱਸ.ਐੱਚ.ਓ. ਜ਼ਬਰਦਸਤੀ ਮੁਲਜ਼ਮ ਨੂੰ ਛੁਡਵਾ ਕੇ ਲੈ ਗਏ।
ਵੀਡੀਓ ਵਿੱਚ ਏ.ਐੱਸ.ਆਈ. ਰਮਨ ਨੇ ਐੱਸ.ਐੱਚ.ਓ. ਨੂੰ ਸਵਾਲ ਕਰਦਿਆਂ ਕਿਹਾ, “ਤੁਸੀਂ ਮੇਰੀ ਤਫ਼ਤੀਸ਼ ਵਿੱਚ ਦਖ਼ਲ ਕਿਉਂ ਦਿੰਦੇ ਹੋ? ਮੈਂ ਉਸ ਦਿਨ ਤੁਹਾਨੂੰ ਕਿਹਾ ਸੀ ਕਿ ਲੜਕੀ ਵਾਲੀ ਮਿਸਲ (ਜਾਂਚ ਵਾਲੀ ਫ਼ਾਈਲ) ਤੁਸੀਂ ਲੈ ਲਓ, ਫਿਰ ਤੁਸੀਂ ਲਈ ਕਿਉਂ ਨਹੀਂ?” ਇਸ ‘ਤੇ ਐੱਸ.ਐੱਚ.ਓ. ਗੁਰਮੀਤ ਸਿੰਘ ਨੇ ਕਿਹਾ, “ਮੈਨੂੰ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ ਯਾਰ, ਤੁਸੀਂ ਥਾਣੇਦਾਰ ਹੋ।” ਜਵਾਬ ਵਿੱਚ ਏ.ਐੱਸ.ਆਈ. ਨੇ ਕਿਹਾ, “ਤੁਸੀਂ ਵੀ ਐੱਸ.ਐੱਚ.ਓ. ਹੋ, ਐੱਸ.ਐੱਚ.ਓ. ਵਾਲਾ ਹੀ ਕੰਮ ਰੱਖੋ।”
ਏ.ਐੱਸ.ਆਈ. ਦੇ ਗੰਭੀਰ ਇਲਜ਼ਾਮ
ਏ.ਐੱਸ.ਆਈ. ਰਮਨ ਨੇ ਦੋਸ਼ ਲਾਇਆ ਕਿ ਐੱਸ.ਐੱਚ.ਓ. ਗੁਰਮੀਤ ਸਿੰਘ ਨੇ ਸਾਰਿਆਂ ਦੇ ਸਾਹਮਣੇ ਉਸ ਨੂੰ ਜ਼ਲੀਲ ਕੀਤਾ ਅਤੇ ਖਿੱਚਾਧੂਣੀ ਦੌਰਾਨ ਉਸ ਦੀ ਨੇਮ ਪਲੇਟ ਵੀ ਤੋੜ ਦਿੱਤੀ। ਦੂਜੇ ਪਾਸੇ ਐੱਸ.ਐੱਚ.ਓ. ਗੁਰਮੀਤ ਸਿੰਘ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
SHO ਦਾ ਪੱਖ: “ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਵਾ ਲਓ”
ਐੱਸ.ਐੱਚ.ਓ. ਗੁਰਮੀਤ ਸਿੰਘ ਨੇ ਕਿਹਾ ਕਿ ਥਾਣੇ ਵਿੱਚ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਉਨ੍ਹਾਂ ਕਿਹਾ, “ਮੈਂ ਕਿਸੇ ਦੀ ਨੇਮ ਪਲੇਟ ਨਹੀਂ ਉਤਾਰੀ। ਜੇਕਰ ਮੇਰਾ ਕੋਈ ਕਸੂਰ ਸਾਹਮਣੇ ਆਉਂਦਾ ਹੈ ਤਾਂ ਮੇਰੇ ‘ਤੇ ਕਾਰਵਾਈ ਹੋਵੇ, ਪਰ ਜੇਕਰ ਮੈਂ ਸਹੀ ਹਾਂ ਤਾਂ ਸੀਨੀਅਰ ਅਧਿਕਾਰੀ ਨਾਲ ਗਲਤ ਵਿਵਹਾਰ ਕਰਨ ‘ਤੇ ਮੈਂ ਏ.ਐੱਸ.ਆਈ. ਖ਼ਿਲਾਫ਼ ਕਾਰਵਾਈ ਕਰਾਂਗਾ।”