ਖਬਰਿਸਤਾਨ ਨੈੱਟਵਰਕ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੇਂ ਸਾਲ 2026 ਦੀ ਪਹਿਲੀ ਕੈਬਨਿਟ ਮੀਟਿੰਗ ਅੱਜ, ਸ਼ੁੱਕਰਵਾਰ ਨੂੰ ਸੱਦੀ ਹੈ। ਮੀਟਿੰਗ ਦੁਪਹਿਰੋਂ ਬਾਅਦ 4 ਵਜੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਹੋਵੇਗੀ, ਜਿਸ ਵਿੱਚ ਸੂਬੇ ਦੇ ਸਾਰੇ ਕੈਬਨਿਟ ਮੰਤਰੀ ਸ਼ਾਮਲ ਹੋਣਗੇ।
ਕਈ ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ
ਮੀਟਿੰਗ ਵਿਚ ਪੰਜਾਬ ਨਾਲ ਜੁੜੇ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ ਅਤੇ ਕਈ ਮਹੱਤਵਪੂਰਨ ਫੈਸਲਿਆਂ ‘ਤੇ ਮੋਹਰ ਲੱਗ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਲੋਕਾਂ ਨਾਲ ਜੁੜੇ ਮੁੱਦਿਆਂ ਅਤੇ ਵੱਖ-ਵੱਖ ਵਿਕਾਸ ਪ੍ਰਸਤਾਵਾਂ ‘ਤੇ ਵਿਚਾਰ ਕਰੇਗੀ। ਹਾਲਾਂਕਿ, ਮੀਟਿੰਗ ਦਾ ਅਧਿਕਾਰਤ ਏਜੰਡਾ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ।
2 ਕੈਬਨਿਟ ਮੰਤਰੀਆਂ ਦੇ ਵਿਭਾਗ ਬਦਲੇ
ਜ਼ਿਕਰਯੋਗ ਹੈ ਕਿ ਕੈਬਨਿਟ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਦੋ ਮੰਤਰੀਆਂ ਦੇ ਵਿਭਾਗਾਂ ਵਿੱਚ ਵੱਡਾ ਫੇਰਬਦਲ ਕੀਤਾ ਹੈ। ਇਸ ਤਬਦੀਲੀ ਤਹਿਤ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਲੋਕਲ ਬਾਡੀ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦੋਂ ਕਿ ਡਾ. ਰਵਜੋਤ ਸਿੰਘ ਨੂੰ ਐਨਆਰਆਈ ਵਿਭਾਗ ਦਿੱਤਾ ਗਿਆ ਹੈ। ਦੋਵਾਂ ਮੰਤਰੀਆਂ ਦੇ ਵਿਭਾਗਾਂ ਦੀ ਅਦਲਾ-ਬਦਲੀ ਕੀਤੀ ਗਈ ਹੈ। ਡਾ. ਰਵਜੋਤ ਕੋਲੋਂ ਲੋਕਲ ਬਾਡੀ ਵਿਭਾਗ ਲੈ ਕੇ ਸੰਜੀਵ ਅਰੋੜਾ ਨੂੰ ਦੇ ਦਿੱਤਾ ਗਿਆ ਹੈ, ਅਤੇ ਸੰਜੀਵ ਅਰੋੜਾ ਕੋਲੋਂ ਐਨਆਰਆਈ ਵਿਭਾਗ ਲੈ ਕੇ ਡਾ. ਰਵਜੋਤ ਸਿੰਘ ਨੂੰ ਸੌਂਪਿਆ ਗਿਆ ਹੈ।