ਖਬਰਿਸਤਾਨ ਨੈੱਟਵਰਕ- ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਸਮੇਤ 5 ਸਿੱਖ ਸ਼ਖਸੀਅਤਾਂ ਨੂੰ ਧਾਰਮਕ ਸਜ਼ਾ (ਤਨਖਾਹ) ਲਾਈ ਗਈ। ਇਸ ਤੋਂ ਪਹਿਲਾਂ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਈ, ਜਿਸ ‘ਚ ਅਨੇਕਾਂ ਪੰਥਕ ਮੁੱਦਿਆਂ ‘ਤੇ ਵਿਚਾਰ-ਚਰਚਾ ਕੀਤੀ ਗਈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਫੈਸਲਿਆਂ ਦੇ ਸਬੰਧ ‘ਚ ਕੁੱਝ ਲੋਕਾਂ ਵਲੋਂ ਪੇਸ਼ ਹੋ ਕੇ ਮੁਅਫ਼ੀਆਂ ਮੰਗੀਆਂ ਗਈਆਂ ਹਨ। ਇਸ ਦੌਰਾਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ, ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਸਮੇਤ 5 ਸ੍ਰੀ ਅਕਾਲ ਤਖ਼ਤ ਦੇ ਸਨਮੁੱਖ ਪੇਸ਼ ਹੋਏ।
ਵਿਰਸਾ ਸਿੰਘ ਵਲਟੋਹਾ ਨੂੰ ਤਨਖਾਹ
ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਵਿਰਸਾ ਸਿੰਘ ਵਲਟੋਹਾ ਨੇ ਮੁਆਫੀ ਮੰਗੀ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵਲਟੋਹਾ ਨੂੰ ਸਪੱਸ਼ਟ ਆਦੇਸ਼ ਦਿੱਤਾ ਕਿ ਉਹ ਧਾਰਮਿਕ ਸ਼ਖਸੀਅਤਾਂ ਬਾਰੇ ਕੋਈ ਬਿਆਨਬਾਜ਼ੀ ਨਾ ਕਰਨ। ਇਸ ਫੈਸਲੇ ਨਾਲ ਸਪੱਸ਼ਟ ਕੀਤਾ ਗਿਆ ਕਿ ਕਿਸੇ ਵੀ ਵਿਅਕਤੀ ਜਾਂ ਧਾਰਮਿਕ ਆਦਰਸ਼ ‘ਤੇ ਅਣਚਾਹੀਆਂ ਟਿੱਪਣੀਆਂ ਕਰਨ ਤੋਂ ਵਲਟੋਹਾ ਨੂੰ ਹੁਣ ਰੋਕਿਆ ਜਾਵੇਗਾ। ਵਿਰਸਾ ਸਿੰਘ ਵਲਟੋਹਾ ਨੇ ਅਕਤੂਬਰ 2024 ’ਚ ਪੰਥ ਦੀਆਂ ਸਿਰਮੌਰ ਸਖਸ਼ੀਅਤਾਂ ਦੇ ਖਿਲਾਫ ਬਿਆਨਬਾਜ਼ੀ ਕੀਤੀ ਸੀ।
3 ਦਿਨ ਸ੍ਰੀ ਦਰਬਾਰ ਸਾਹਿਬ ’ਚ ਜੂਠੇ ਭਾਂਡੇ ਮਾਂਜਣ ਦੀ ਕਰਨਗੇ ਸੇਵਾ
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵਿਰਸਾ ਸਿੰਘ ਵਲਟੋਹਾ ਦੀ ਮੁਆਫ਼ੀ ਕਬੂਲ ਕੀਤੀ ਅਤੇ ਧਾਰਮਿਕ ਸਜ਼ਾ ਲਗਾਉਂਦੇ ਹੋਏ 3 ਦਿਨ ਸ੍ਰੀ ਦਰਬਾਰ ਸਾਹਿਬ ’ਚ ਜੂਠੇ ਭਾਂਡੇ ਮਾਂਜਣ, ਇੱਕ ਘੰਟਾ ਸੰਗਤ ਦੇ ਜੋੜੇ ਝਾੜਨ ਦੀ ਸੇਵਾ ਲਗਾਈ ਗਈ ਅਤੇ 11 ਦਿਨ ਰੋਜ਼ਾਨਾ ਗੁਰਬਾਣੀ ਦਾ ਜਾਪ ਕਰਨਗੇ। ਧਾਰਮਿਕ ਸਜ਼ਾ ਪੂਰੀ ਹੋਣ ਮਗਰੋਂ 1100 ਰੁ. ਦੀ ਦੇਗ ਤੇ 1100 ਰੁ. ਗੋਲਕ ’ਚ ਪਾਉਣ ਦੇ ਆਦੇਸ਼ ਦਿੱਤੇ ਗਏ ਹਨ।
ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਲਗਾਈ ਤਨਖਾਹ
ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਸਮੁੱਚੀ ਕੌਮ ਤੋਂ ਡੇਰਾ ਮੁਖੀ ਨੂੰ ਮੁਆਫੀ ਦੇਣ ਦੇ ਗੁਨਾਹ ਦੀ ਮੁਆਫੀ ਮੰਗੀ ਹੈ। ਸਤੰਬਰ 2015 ’ਚ ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ ਨੇ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦਿੱਤੀ ਸੀ। ਗਿਆਨੀ ਗੁਰਬਚਨ ਸਿੰਘ ਨੂੰ ਵੀ ਧਾਰਮਿਕ ਸਜ਼ਾ ਲਗਾਈ ਗਈ ਹੈ। ਗਿਆਨੀ ਗੁਰਬਚਨ ਸਿੰਘ 2 ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ‘ਚ ਰੋਜ਼ਾਨਾ ਇੱਕ ਘੰਟਾ ਝੂਠੇ ਬਰਤਨ ਮਾਂਜਣ ਦੀ ਸੇਵਾ ਕਰਨਗੇ ਅਤੇ 2 ਦਿਨ ਜਪੁਜੀ ਸਾਹਿਬ ,ਆਸਾ ਕੀ ਵਾਰ ਪਾਤਸ਼ਾਹੀ ਦਸਵੀਂ ਦਾ ਜਾਪ ਕਰਨਗੇ। 1100 ਦੀ ਦੇਗ ਕਰਵਾ ਕੇ ਭੁੱਲ ਬਖਸ਼ਾਉਣ ਦੀ ਅਰਦਾਸ ਕਰਨਗੇ।
GNDU ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਨੂੰ ਵੀ ਲਗਾਈ ਤਨਖਾਹ
GNDU ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਤਨਖਾਹ ਲਗਾਈ ਗਈ। GNDU ਦੇ ਵਾਈਸ ਚਾਂਸਲਰ ਕਰਮਜੀਤ ਸਿੰਘ 2 ਦਿਨ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ’ਚ ਸੇਵਾ ਕਰਨਗੇ ਅਤੇ ਜੂਠੇ ਭਾਂਡੇ ਮਾਂਜਣ ਤੇ ਜੋੜੇ ਸਾਫ ਕਰਨ ਦੀ ਸਜ਼ਾ ਲਗਾਈ ਗਈ। 5 ਦਿਨ ਰੋਜ਼ਾਨਾ ਨਿਤਨੇਮ ਅਤੇ ਆਸਾ ਕੀ ਵਾਰ ਦਾ ਪਾਠ ਕਰਨ ਦੇ ਵੀ ਆਦੇਸ਼ ਦਿੱਤੇ ਗਏ। ਭਾਈ ਕਾਨ੍ਹ ਸਿੰਘ ਨਾਭਾ ਦੀ ਕਿਤਾਬ ‘ਹਮ ਹਿੰਦੂ ਨਹੀਂ’ ਪੜ੍ਹਨ ਤੇ ਕਿਤਾਬ ਦੀਆਂ 500 ਕਾਪੀਆਂ ਵੰਡਣ ਦੇ ਵੀ ਆਦੇਸ਼ ਦਿੱਤੇ ਗਏ ਹਨ।
ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜ਼ਫਰ ਨੂੰ ਧਾਰਮਕ ਸਜ਼ਾ
ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਗਾਈ ਗਈ ਹੈ। ਜਸਵੰਤ ਸਿੰਘ ਜ਼ਫਰ ਨੂੰ ਆਪਣੀਆਂ ਲਿਖਤਾਂ ‘ਚ ਗੁਰੂ ਸਾਹਿਬ ਦੇ ਅਦਬ ਸਤਿਕਾਰ ਦਾ ਧਿਆਨ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ। ਜਸਵੰਤ ਸਿੰਘ ਜ਼ਫਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ‘ਚ 2 ਦਿਨ ਇੱਕ -ਇੱਕ ਘੰਟਾ ਬਰਤਨ ਮਾਂਝਣ ਅਤੇ ਜੋੜੇ ਝਾੜਨ ਦੀ ਸੇਵਾ ਅਤੇ 4 ਦਿਨ ਜਾਪ ਕਰਨਗੇ। ਜਸਵੰਤ ਸਿੰਘ ਜ਼ਫਰ ਨੂੰ ਪ੍ਰਿੰਸੀਪਲ ਸਤਬੀਰ ਸਿੰਘ ਦੀ ਕਿਤਾਬ ਦੀਆਂ 100 ਕਾਪੀਆਂ ਵੰਡਣ ਦਾ ਆਦੇਸ਼ ਦਿੱਤਾ ਗਿਆ ਹੈ।
ਯੂ.ਕੇ ਦੇ ਸਿੱਖ ਪ੍ਰਚਾਰਕ ਹਰਿੰਦਰ ਸਿੰਘ ਨੂੰ ਵੀ ਲਗਾਈ ਗਈ ਤਨਖਾਹ
ਯੂ.ਕੇ. ਦੇ ਸਿੱਖ ਪ੍ਰਚਾਰਕ ਹਰਿੰਦਰ ਸਿੰਘ ਨੇ ਵੀ ਆਪਣੀ ਭੁੱਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਮੁਆਫ਼ੀ ਮੰਗੀ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਚਾਰਕ ਹਰਿੰਦਰ ਸਿੰਘ ਨੂੰ ਤਨਖਾਹ ਲਗਾਈ ਗਈ ਹੈ। ਸਿੱਖ ਪ੍ਰਚਾਰਕ ਹਰਿੰਦਰ ਸਿੰਘ ਦੇ ਪ੍ਰਚਾਰ ਕਰਨ ‘ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ। ਸਿੱਖ ਪ੍ਰਚਾਰਕ ਹਰਿੰਦਰ ਸਿੰਘ 2 ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ‘ਚ ਰੋਜ਼ਾਨਾ ਇਕ ਘੰਟਾ ਝੂਠੇ ਬਰਤਨ ਮਾਂਝਣਗੇ ਅਤੇ 2 ਦਿਨ ਜਾਪ ਕਰਨਗੇ।