ਖਬਰਿਸਤਾਨ ਨੈੱਟਵਰਕ– ਪੰਜਾਬ ਵਿਚ ਇਸ ਸਮੇਂ ਕੜਾਕੇ ਦੀ ਠੰਢ ਪੈ ਰਹੀ ਹੈ ਤੇ ਪੰਜਾਬ ਧੁੰਦ ਦੀ ਚਿੱਟੀ ਚਾਦਰ ਵਿਚ ਲਿਪਟਿਆ ਨਜ਼ਰ ਆ ਰਿਹਾ ਹੈ। ਉੱਤਰੀ ਭਾਰਤ ਵਿੱਚ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਮੌਸਮ ਨੇ ਅਚਾਨਕ ਕਰਵਟ ਲਈ ਹੈ, ਜਿਸ ਕਾਰਣ ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਕੰਬਣੀ ਛੇੜ ਰੱਖੀ ਹੈ।
ਹਿਮਾਚਲ ਵਿਚ ਬਰਫ਼ਬਾਰੀ
ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜਾਂ ‘ਤੇ ਤਾਜ਼ਾ ਬਰਫ਼ਬਾਰੀ ਹੋਈ ਹੈ, ਜਿਸ ਕਾਰਣ ਮੈਦਾਨੀ ਇਲਾਕਿਆਂ ਵਿਚ ਠੰਢ ਵੱਧ ਗਈ ਹੈ। ਉੱਥੇ ਹੀ ਮੈਦਾਨੀ ਖੇਤਰਾਂ ਵਿੱਚ ਸੰਘਣੀ ਧੁੰਦ ਨੇ ਸਵੇਰ ਦੇ ਸਮੇਂ ਜਨ-ਜੀਵਨ ਦੀ ਰਫ਼ਤਾਰ ਨੂੰ ਹੌਲੀ ਕਰ ਦਿੱਤਾ ਹੈ। ਵਾਹਨ ਚਾਲਕਾਂ ਨੂੰ ਬੜੀ ਸਾਵਧਾਨੀ ਨਾਲ ਗੱਡੀਆਂ ਚਲਾਉਣੀਆਂ ਚਾਹੀਦੀਆਂ ਹਨ। ਮੌਸਮ ਵਿਭਾਗ (IMD) ਅਨੁਸਾਰ, ਨਵੇਂ ਸਾਲ ਦੇ ਆਗਮਨ ‘ਤੇ ਕਸ਼ਮੀਰ ਸਮੇਤ ਪ੍ਰਮੁੱਖ ਸੈਲਾਨੀ ਸਥਾਨਾਂ ‘ਤੇ ਹੋਰ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ, ਜੋ ਸੈਰ-ਸਪਾਟੇ ਦੇ ਵਪਾਰ ਲਈ ਚੰਗੀ ਖ਼ਬਰ ਹੈ।
ਪੰਜਾਬ ਵਿੱਚ ਧੁੰਦ ਦੀ ਦੋਹਰੀ ਮਾਰ
ਪੰਜਾਬ ਅਤੇ ਇਸਦੀ ਰਾਜਧਾਨੀ ਚੰਡੀਗੜ੍ਹ ਦੋਹਰੀ ਠੰਢੀ ਲਹਿਰ ਦੀ ਗ੍ਰਿਫ਼ਤ ਵਿੱਚ ਹਨ। ਅੱਜ ਸਵੇਰ ਤੋਂ ਹੀ ਲੁਧਿਆਣਾ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ ਹੱਡ ਚੀਰਵੀਂ ਠੰਢ ਮਹਿਸੂਸ ਕੀਤੀ ਗਈ। ਇਸ ਦੌਰਾਨ, ਜਲੰਧਰ, ਲੁਧਿਆਣਾ, ਚੰਡੀਗੜ੍ਹ ਅਤੇ ਮੋਹਾਲੀ ਸਮੇਤ ਕਈ ਖੇਤਰਾਂ ਵਿੱਚ ਅਚਾਨਕ ਪਈ ਸੰਘਣੀ ਧੁੰਦ ਕਾਰਨ ਆਵਾਜਾਈ ‘ਤੇ ਬਹੁਤ ਮਾੜਾ ਅਸਰ ਪਿਆ ਹੈ। ਦਿੱਲੀ-ਜਲੰਧਰ ਕੌਮੀ ਮਾਰਗ ‘ਤੇ Visibility ਇੰਨੀ ਘੱਟ ਗਈ ਕਿ ਵਾਹਨਾਂ ਨੂੰ ਮਜਬੂਰੀ ਵੱਸ ‘ਰੇਂਗਣਾ’ ਪਿਆ, ਜਿਸ ਨਾਲ ਮੁਸਾਫ਼ਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਮੌਸਮ ਦਾ ਅਲਰਟ ਜਾਰੀ
ਮੌਸਮ ਵਿਭਾਗ ਨੇ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਜਾਰੀ ਚੇਤਾਵਨੀ ਅਨੁਸਾਰ, ਪਠਾਨਕੋਟ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਮਾਨਸਾ, ਬਠਿੰਡਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ ਸਮੇਤ ਲਗਭਗ 16 ਜ਼ਿਲ੍ਹਿਆਂ ਵਿੱਚ ਅੱਜ ਜ਼ਬਰਦਸਤ ਧੁੰਦ ਪਵੇਗੀ।ਇਸੇ ਤਰ੍ਹਾਂ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਵਰਗੇ ਖੇਤਰਾਂ ਵਿੱਚ ਮੌਸਮ ਖੁਸ਼ਕ ਰਹਿਣ ਦੇ ਬਾਵਜੂਦ ਸਵੇਰ ਦੇ ਸਮੇਂ ਧੁੰਦ ਦਾ ਕਹਿਰ ਜਾਰੀ ਰਹੇਗਾ। ਵਿਭਾਗ ਨੇ ਹਿਮਾਚਲ ਵਿੱਚ 28 ਅਤੇ 30 ਦਸੰਬਰ ਨੂੰ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ।