ਖਬਰਿਸਤਾਨ ਨੈੱਟਵਰਕ- ਗੁਰਦਾਸਪੁਰ ਵਿਚ ਸਾਬਕਾ ਸਰਪੰਚ ਵਲੋਂ ਖੁਦ ਨੂੰ ਗੋਲੀ ਮਾਰ ਲੈਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਗੁਰਦਾਸਪੁਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਬਬਰੀ ਨਾਕੇ ਨੇੜੇ ਸਥਿਤ ‘ਚਾਏ ਚੂਰੀ ਰੈਸਟੋਰੈਂਟ’ ਦੇ ਮਾਲਕ ਮਨਪ੍ਰੀਤ ਸਿੰਘ ਨੇ ਅੱਜ ਸ਼ੱਕੀ ਹਾਲਾਤਾਂ ਵਿੱਚ ਖੁਦ ਨੂੰ ਗੋਲੀ ਮਾਰ ਲਈ। ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਸਿੰਘ ਪਿੰਡ ਜੀਵਨਵਾਲ ਦਾ ਸਾਬਕਾ ਸਰਪੰਚ ਵੀ ਹੈ ਅਤੇ ਕਾਂਗਰਸ ਪਾਰਟੀ ਨਾਲ ਸਬੰਧ ਰੱਖਦਾ ਹੈ।
ਜ਼ਖਮੀ ਹਾਲਤ ‘ਚ ਹਸਪਤਾਲ ਕਰਵਾਇਆ ਗਿਆ ਦਾਖਲ
ਗੋਲੀ ਲੱਗਣ ਨਾਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਮਨਪ੍ਰੀਤ ਸਿੰਘ ਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਸਿਟੀ ਮੋਹਨ ਸਿੰਘ ਅਤੇ ਐੱਸਐੱਚਓ ਸਦਰ ਅਮਨਦੀਪ ਸਿੰਘ ਸਮੇਤ ਸੀਨੀਅਰ ਪੁਲਿਸ ਅਧਿਕਾਰੀ ਤੁਰੰਤ ਰੈਸਟੋਰੈਂਟ ਪਹੁੰਚੇ। ਹਾਲਾਂਕਿ ਗੋਲੀ ਕਿਉਂ ਮਾਰੀ ਗਈ ਇਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਕੀ ਕਹਿਣੈ ਪੁਲਸ ਦਾ
ਡੀਐੱਸਪੀ ਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਨਪ੍ਰੀਤ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਦੇਖਿਆ, ਜਿਸ ਦੇ ਮੋਢੇ ‘ਤੇ ਗੋਲੀ ਲੱਗੀ ਹੋਈ ਸੀ। ਉਨ੍ਹਾਂ ਨੇ ਤੁਰੰਤ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਉਨ੍ਹਾਂ ਦੱਸਿਆ ਕਿ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸਾਬਕਾ ਸਰਪੰਚ ਨੇ ਖ਼ੁਦ ਨੂੰ ਗੋਲੀ ਕਿਉਂ ਮਾਰੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।