ਖਬਰਿਸਤਾਨ ਨੈੱਟਵਰਕ- ਤਰਨਤਾਰਨ ਵਿਚ ਇਕ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਸਿਖਰ ਦੁਪਹਿਰੇ ਖਡੂਰ ਸਾਹਿਬ ਦੇ ਭੁੱਲਰ ਪਿੰਡ ਵਿੱਚ ਸਾਬਕਾ ਸਰਪੰਚ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ 47 ਸਾਲਾ ਦਿਲਜੀਤ ਸਿੰਘ ਵਜੋਂ ਹੋਈ ਹੈ, ਜੋ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ।
ਦੁਕਾਨ ਉਤੇ ਬੈਠਿਆਂ ਨੂੰ ਗੋਲੀਆਂ ਨਾਲ ਭੁੰਨਿਆਂ
ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਬਾਈਕ ਉਤੇ ਸਵਾਰ ਹੋ ਕੇ ਦੁਪਹਿਰ 2 ਵਜੇ ਦੇ ਕਰੀਬ ਪਹੁੰਚੇ ਅਤੇ ਦੁਕਾਨ ਵਿੱਚ ਬੈਠੇ ਦਿਲਜੀਤ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਦਿਲਜੀਤ ਦੀ ਦੁਕਾਨ ਦੇ ਅੰਦਰ ਹੀ ਮੌਤ ਹੋ ਗਈ ਅਤੇ ਹਮਲਾਵਰ ਆਪਣੀਆਂ ਬਾਈਕ ਲੈ ਕੇ ਮੌਕੇ ਤੋਂ ਫਰਾਰ ਹੋ ਗਏ।
ਪੁੱਤਰ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ
ਦਲਜੀਤ ਸਿੰਘ ਦਾ ਪਿਤਾ ਸਾਬਕਾ ਸਰਪੰਚ ਹੈ। ਮ੍ਰਿਤਕ ਦਾ ਇੱਕ ਪੁੱਤਰ ਅਤੇ ਪਤਨੀ ਹੈ। ਪੁੱਤਰ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਪਰਿਵਾਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਨ੍ਹਾਂ ਨੂੰ ਕਦੇ ਵੀ ਕੋਈ ਧਮਕੀ ਜਾਂ ਫਿਰੌਤੀ ਦਾ ਫੋਨ ਨਹੀਂ ਆਇਆ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।