ਖਬਰਿਸਤਾਨ ਨੈੱਟਵਰਕ-ਰਾਜਧਾਨੀ ਦਿੱਲੀ ਵਿੱਚ ਵਧਦੇ ਹਵਾ ਪ੍ਰਦੂਸ਼ਣ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਹੁਣ ਵਾਹਨ ਪ੍ਰਦੂਸ਼ਣ ਸਰਟੀਫਿਕੇਟ (PUC) ਤੋਂ ਬਿਨਾਂ ਪੈਟਰੋਲ ਅਤੇ ਡੀਜ਼ਲ ਨਹੀਂ ਮਿਲੇਗਾ। ਇਹ ਐਲਾਨ ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
18 ਦਸੰਬਰ ਤੋਂ ਨਵਾਂ ਨਿਯਮ ਲਾਗੂ
ਵਾਤਾਵਰਣ ਮੰਤਰੀ ਨੇ ਦੱਸਿਆ ਕਿ 18 ਦਸੰਬਰ ਤੋਂ ਦਿੱਲੀ ਵਿੱਚ ਉਹਨਾਂ ਵਾਹਨਾਂ ਨੂੰ ਹੀ ਪੈਟਰੋਲ ਜਾਂ ਡੀਜ਼ਲ ਮਿਲੇਗਾ ਜਿਨ੍ਹਾਂ ਕੋਲ ਵੈਧ ਪ੍ਰਦੂਸ਼ਣ ਸਰਟੀਫਿਕੇਟ ਹੋਵੇਗਾ। ਇਸਦੇ ਨਾਲ ਹੀ, ਦੂਜੇ ਰਾਜਾਂ ਤੋਂ ਦਿੱਲੀ ਵਿੱਚ ਸਿਰਫ਼ BS-6 ਮਿਆਰ ਵਾਲੇ ਵਾਹਨਾਂ ਨੂੰ ਹੀ ਦਾਖਲੇ ਦੀ ਇਜਾਜ਼ਤ ਹੋਵੇਗੀ।
ਨਿਰਮਾਣ ਕਾਰਜਾਂ ‘ਤੇ ਪੂਰੀ ਪਾਬੰਦੀ
ਸਿਰਸਾ ਨੇ ਕਿਹਾ ਕਿ ਦਿੱਲੀ ਵਿੱਚ ਹਰ ਤਰ੍ਹਾਂ ਦੇ ਨਿਰਮਾਣ ਕਾਰਜਾਂ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ। ਉਸਾਰੀ ਸਮੱਗਰੀ ਲਿਜਾਣ ਵਾਲੇ ਵਾਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਚਲਾਨ ਕੱਟੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ AQI ਸੁਧਾਰਨ ਲਈ ਲਗਾਤਾਰ ਕਦਮ ਚੁੱਕ ਰਹੀ ਹੈ ਅਤੇ ਲੋਕਾਂ ਨੂੰ ਆ ਰਹੀ ਅਸੁਵਿਧਾ ਲਈ ਮੁਆਫੀ ਵੀ ਮੰਗੀ।



