ਖਬਰਿਸਤਾਨ ਨੈੱਟਵਰਕ- ਪੰਜਾਬ ਵਿਚ ਗੋਲੀਬਾਰੀ ਦੇ ਮਾਮਲੇ ਰੁਕ ਨਹੀਂ ਰਹੇ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਰਾਜਾਸਾਂਸੀ ਨੇੜੇ ਪਿੰਡ ਸੈਦੂਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਪਾਰਕਿੰਗ ਨੂੰ ਲੈ ਕੇ ਚੱਲ ਰਿਹਾ ਸੀ ਝਗੜਾ
ਇਹ ਵਾਰਦਾਤ ਸੋਮਵਾਰ-ਮੰਗਲਵਾਰ ਰਾਤ ਲਗਭਗ 12 ਵਜੇ ਦੀ ਹੈ। ਜਿਥੇ ਸਾਬਕਾ ਸਰਪੰਚ ਅਤੇ ਅਕਾਲੀ ਆਗੂ ਪਲਵਿੰਦਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਦੋਸ਼ੀ ਸ਼ੁਭਮ ਮਸੀਹ ਹੈ, ਜੋ ਗੁਆਂਢ ਵਿੱਚ ਹੀ ਰਹਿੰਦਾ ਸੀ। ਦੱਸਿਆ ਜਾ ਰਿਹੈ ਕਿ ਉਨ੍ਹਾਂ ਦਾ ਪਹਿਲਾਂ ਵੀ ਕਈ ਵਾਰ ਕਾਰ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀ।
ਕਿਵੇਂ ਵਾਪਰੀ ਵਾਰਦਾਤ
ਜਾਂਚ ਅਧਿਕਾਰੀ ਬਘੇਲ ਸਿੰਘ ਨੇ ਦੱਸਿਆ ਕਿ ਇਹ ਝਗੜਾ ਰਾਤ ਨੂੰ ਇੱਕ ਪੌੜੀ ਨੂੰ ਲੈ ਕੇ ਹੋਇਆ ਸੀ, ਜਿਸਨੂੰ ਪਲਵਿੰਦਰ ਸਿੰਘ ਨੇ ਲਾਈਟ ਠੀਕ ਕਰਨ ਲਈ ਖੰਭੇ ‘ਤੇ ਲਗਾਇਆ ਸੀ। ਜਿਸ ਤੋਂ ਬਾਅਦ ਸ਼ੁਭਮ ਉੱਥੇ ਪਹੁੰਚਿਆ ਅਤੇ ਕਾਰ ਪਾਰਕਿੰਗ ਨੂੰ ਲੈ ਕੇ ਪਲਵਿੰਦਰ ਸਿੰਘ ਨਾਲ ਝਗੜਾ ਕੀਤਾ। ਸ਼ੁਭਮ ਨੇ ਆਪਣਾ ਲਾਇਸੈਂਸੀ ਪਿਸਤੌਲ ਕੱਢ ਕੇ ਪਲਵਿੰਦਰ ਸਿੰਘ ‘ਤੇ ਗੋਲੀ ਚਲਾ ਦਿੱਤੀ। ਦੋਸ਼ੀ ਨੇ ਪਲਵਿੰਦਰ ਸਿੰਘ ‘ਤੇ ਤਿੰਨ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਦੇ ਪੁੱਤਰ ਦਾ ਬਿਆਨ
ਮ੍ਰਿਤਕ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਸ਼ੁਭਮ, ਉਸ ਦੀ ਪਤਨੀ ਅਤੇ ਪੁੱਤਰ ਉਸ ਨਾਲ ਗੱਲ ਨਹੀਂ ਕਰਦੇ। ਲਗਭਗ ਇੱਕ ਮਹੀਨਾ ਪਹਿਲਾਂ ਦੋਸ਼ੀ ਨੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਸੀ। ਉਦੋਂ ਵੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਅਤੇ ਉਸਨੇ ਧਮਕੀਆਂ ਵੀ ਦਿੱਤੀਆਂ ਸਨ। ਬੀਤੀ ਰਾਤ ਇਲਾਕੇ ਦੀਆਂ ਲਾਈਟਾਂ ਬੰਦ ਸਨ। ਇੱਕ ਮਕੈਨਿਕ ਬਿਜਲੀ ਠੀਕ ਕਰਨ ਆਇਆ ਸੀ ਅਤੇ ਘਰ ਦੇ ਅੰਦਰੋਂ ਇੱਕ ਪੌੜੀ ਲਗਾਈ ਹੋਈ ਸੀ। ਇਸ ਦੌਰਾਨ ਸ਼ੁਭਮ ਆਇਆ ਅਤੇ ਪੌੜੀ ਹੇਠਾਂ ਲੈ ਆਇਆ। ਜਦੋਂ ਪਿਤਾ ਬਾਹਰ ਆਏ ਤਾਂ ਉਸਨੇ ਆਪਣੇ ਲਾਇਸੈਂਸੀ ਰਿਵਾਲਵਰ ਵਿੱਚੋਂ 7 ਗੋਲੀਆਂ ਚਲਾਈਆਂ। ਜਿਸ ਵਿੱਚ ਤਿੰਨ ਗੋਲੀਆਂ ਉਸਦੇ ਪਿਤਾ ਨੂੰ ਲੱਗੀਆਂ ਅਤੇ ਉਸਦੀ ਮੌਤ ਹੋ ਗਈ।
ਗੋਲੀਬਾਰੀ ਤੋਂ ਬਾਅਦ ਸ਼ੁਭਮ ਮਸੀਹ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਸ਼ੁਭਮ ਅਤੇ ਉਸਦੀ ਪਤਨੀ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਟਨਾ ਸੀਸੀਟੀਵੀ ਵਿੱਚ ਕੈਦ
ਪੁਲਿਸ ਨੂੰ ਇਸ ਮਾਮਲੇ ਵਿੱਚ ਸੀਸੀਟੀਵੀ ਮਿਲਿਆ ਹੈ। ਜਿਸਨੂੰ ਪੁਲਿਸ ਨੇ ਸਬੂਤ ਵਜੋਂ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਫਿਲਹਾਲ ਪਿੰਡ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿੱਚ ਕਤਲ ਦਾ ਕਾਰਨ ਪੁਰਾਣੀ ਨਿੱਜੀ ਰੰਜਿਸ਼ ਦੱਸੀ ਜਾ ਰਹੀ ਹੈ।