ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਰਕਾਰ ਦੇ ਹੁਕਮਾ ਅਨੁਸਾਰ ਸਿਹਤ ਵਿਭਾਗ ਵੱਲੋਂ ਸੂਬੇ ਭਰ ਵਿੱਚ 13 ਤੋਂ 17 ਅਕਤੂਬਰ ਤੱਕ ਕਾਰਡੀਓ-ਪਲਮੋਨਰੀ ਰੀਸਸੀਟੇਸ਼ਨ (ਸੀ.ਪੀ.ਆਰ.) ਜਾਗਰੂਕਤਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਜਿਸਦੇ ਤਹਿਤ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਅਗਵਾਈ ਵਿੱਚ ਨਰਸਿੰਗ ਸਕੂਲ ਸਿਵਲ ਹਸਪਤਾਲ ਵਿਖੇ ਨਰਸਿੰਗ ਵਿਦਿਆਰਥਣਾਂ ਲਈ ਕਾਰਡੀਓ-ਪਲਮੋਨਰੀ ਰੀਸਸੀਟੇਸ਼ਨ (ਸੀ.ਪੀ.ਆਰ.) ਸਬੰਧੀ ਜਿਲ੍ਹਾ ਪੱਧਰੀ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ। ਜਿਸਦੀ ਸ਼ੁਰੂਆਤ ਸੀ.ਪੀ.ਆਰ. ਬਾਰੇ ਜਾਗਰੂਕ ਰਹਿਣ ਅਤੇ ਜਾਗਰੂਕਤਾ ਫੈਲਾਉਣ ਸਬੰਧੀ ਸਹੁੰ ਚੁੱਕ ਕੇ ਕੀਤੀ ਗਈ। ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਕਾਰਡੀਅਕ ਅਰੈਸਟ ਦੇ ਇਲਾਜ ਲਈ ਮਰੀਜ਼ ਨੂੰ ਸੀ.ਪੀ.ਆਰ. ਦਿੱਤੀ ਜਾਂਦੀ ਹੈ, ਤਾਂ ਜੋ ਉਸ ਦੇ ਦਿਲ ਦੀ ਧੜਕਣ ਨੂੰ ਨਿਯਮਤ ਕੀਤਾ ਜਾ ਸਕੇ। ਮਰੀਜ਼ ਜਾਂ ਜ਼ਖਮੀ ਵਿਅਕਤੀ ਦੀ ਜਾਨ ਬਚਾਉਣ ਲਈ ਸੀ.ਪੀ.ਆਰ. ਇੱਕ ਬਹੁਤ ਮਹੱਤਵਪੂਰਨ ਤਰੀਕਾ ਹੈ।

ਜਾਣੋ ਕੀ ਹੈ CPR
ਸੀ.ਪੀ.ਆਰ. ਦਾ ਪੂਰਾ ਰੂਪ ਕਾਰਡੀਓ-ਪਲਮੋਨਰੀ ਰੀਸਸੀਟੇਸ਼ਨ ਹੈ। ਕਾਰਡੀਓ ਦਾ ਮਤਲਬ ਹੈ ‘ਦਿਲ’, ਪਲਮੋਨਰੀ ਦਾ ਮਤਲਬ ਹੈ ਫੇਫੜੇ (ਸਾਹ) ਰੀਸਸੀਟੇਸ਼ਨ ਦਾ ਮਤਲਬ ਹੈ ਰੀਸਸੀਟੇਸ਼ਨ (ਹੋਸ਼ ਵਿਚ ਲਿਆਉਣਾ), ਯਾਨੀ ਰੁਕੇ ਹੋਏ ਦਿਲ ਦੀ ਧੜਕਣ ਸ਼ੁਰੂ ਕਰਕੇ ਮਰੀਜ਼ ਨੂੰ ਮੌਤ ਤੋਂ ਵਾਪਸ ਲਿਆਉਣਾ।
ਸੀ.ਪੀ.ਆਰ. ਬਾਰੇ ਜਾਣਕਾਰੀ ਹੋਣਾ ਜ਼ਰੂਰੀ-ਡਾ. ਰਾਜੇਸ਼ ਗਰਗ
ਸਿਵਲ ਸਰਜਨ ਨੇ ਦੱਸਿਆ ਕਿ ਦਿਲ ਦਾ ਦੌਰਾ, ਦਮ ਘੁੱਟਣ ਅਤੇ ਬਿਜਲੀ ਦਾ ਕਰੰਟ ਲੱਗਣ ਵਰਗੀਆਂ ਸਥਿਤੀਆਂ ਵਿੱਚ ਸੀ.ਪੀ.ਆਰ. ਦੀ ਲੋੜ ਹੋ ਸਕਦੀ ਹੈ। ਸੀ.ਪੀ.ਆਰ ਜਾਣ ਬਚਾਉਣ ਲਈ ਐਮਰਜੈਂਸੀ ਪ੍ਰਕਿਰਿਆ ਹੈ, ਇਸ ਬਾਰੇ ਹਰ ਕਿਸੇ ਨੂੰ ਜਾਣਕਾਰੀ ਹੋਣਾ ਜਰੂਰੀ ਹੈ। ਜੇਕਰ ਵਿਅਕਤੀ ਦਾ ਸਾਹ ਲੈਣਾ ਰੁਕ ਗਿਆ ਹੈ ਜਾਂ ਦਿਲ ਦੀ ਧੜਕਣ ਰੁਕ ਗਈ ਹੈ, ਤਾਂ ਉਸ ਨੂੰ ਜਿੰਨੀ ਜਲਦੀ ਹੋ ਸਕੇ ਸੀਪੀਆਰ ਦਿਓ। ਸੀ.ਪੀ.ਆਰ. ਵਿੱਚ ਵਿਅਕਤੀ ਦੀ ਛਾਤੀ ਨੂੰ ਸੰਕੁਚਿਤ ਕਰਨਾ ਅਤੇ ਮੂੰਹ-ਤੋਂ-ਮੂੰਹ ਸਾਹ ਲੈਣਾ ਸ਼ਾਮਲ ਹੈ।
ਨਵਜੰਮੇ ਬੱਚੇ ਨੂੰ ਇੰਝ ਦਿਓ CPR
ਉਨ੍ਹਾਂ ਦੱਸਿਆ ਕਿ ਬੱਚਿਆਂ ਅਤੇ ਬਾਲਗਾਂ ਨੂੰ ਸੀ.ਪੀ.ਆਰ ਦੇਣ ਦਾ ਤਰੀਕਾ ਥੋੜ੍ਹਾ ਵੱਖਰਾ ਹੈ। ਬੱਚੇ ਦੀ ਸਥਿਤੀ ਨੂੰ ਸਮਝੋ ਅਤੇ ਉਸਦੀ ਪ੍ਰਤੀਕ੍ਰਿਆ ਦੇਖਣ ਲਈ ਉਸਨੂੰ ਛੂਹੋ, ਪਰ ਬੱਚੇ ਨੂੰ ਤੇਜ਼ੀ ਨਾਲ ਹਿਲਾਓ ਨਾ। ਜੇ ਬੱਚਾ ਜਵਾਬਦੇਹ ਨਹੀਂ ਹੈ, ਤਾਂ ਸੀ.ਪੀ.ਆਰ. ਸ਼ੁਰੂ ਕਰੋ। ਬੱਚੇ ਦੇ ਨੇੜੇ ਆਪਣੇ ਗੋਡਿਆਂ ‘ਤੇ ਬੈਠੋ।
ਨਵਜੰਮੇ ਬੱਚੇ ਨੂੰ ਸੀ.ਪੀ.ਆਰ ਦੇਣ ਲਈ ਦੋ ਉਂਗਲਾਂ ਦੀ ਵਰਤੋਂ ਕਰੋ ਅਤੇ ਉਸਦੀ ਛਾਤੀ ਨੂੰ 30 ਵਾਰ ਦਬਾਓ। ਉਸਨੂੰ ਦੋ ਵਾਰ ਮੂੰਹ ਨਾਲ ਸਾਹ ਦਿਓ। ਸੀ.ਪੀ.ਆਰ. ਪ੍ਰਦਾਨ ਕਰਨਾ ਜਾਰੀ ਰੱਖੋ ਜਦੋਂ ਤੱਕ ਬੱਚਾ ਸਾਹ ਲੈਣ ਨਹੀਂ ਲੱਗ ਪੈਂਦਾ।
ਐਮਰਜੈਂਸੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਦੱਸਿਆ
ਉਨ੍ਹਾਂ ਦੱਸਿਆ ਕਿ ਸੀ.ਪੀ.ਆਰ ਦੇਣ ਸਮੇਂ ਵਿਅਕਤੀ ਦੇ ਮੋਢਿਆਂ ਦੇ ਨੇੜੇ ਆਪਣੇ ਗੋਡਿਆਂ ਦੇ ਭਾਰ ਬੈਠੋ। ਇੱਕ ਹੱਥ ਦੀ ਹਥੇਲੀ ਨੂੰ ਵਿਅਕਤੀ ਦੀ ਛਾਤੀ ਦੇ ਵਿਚਕਾਰ ਰੱਖੋ। ਦੂਜੇ ਹੱਥ ਦੀ ਹਥੇਲੀ ਨੂੰ ਪਹਿਲੇ ਹੱਥ ਦੀ ਹਥੇਲੀ ਦੇ ਉੱਪਰ ਰੱਖੋ। ਆਪਣੀਆਂ ਕੂਹਣੀਆਂ ਸਿੱਧੀਆਂ ਅਤੇ ਮੋਢਿਆਂ ਨੂੰ ਸਿੱਧੇ ਵਿਅਕਤੀ ਦੀ ਛਾਤੀ ਦੇ ਉੱਪਰ ਰੱਖੋ। ਆਪਣੇ ਉੱਪਰਲੇ ਸਰੀਰ ਦੇ ਭਾਰ ਦੀ ਵਰਤੋਂ ਕਰਦੇ ਹੋਏ ਵਿਅਕਤੀ ਦੀ ਛਾਤੀ ਨੂੰ ਘੱਟੋ-ਘੱਟ 2 ਇੰਚ ਅਤੇ ਵੱਧ ਤੋਂ ਵੱਧ 2.5 ਇੰਚ ਨੂੰ ਸੰਕੁਚਿਤ ਕਰੋ ਅਤੇ ਛੱਡੋ। ਸੀ.ਪੀ.ਆਰ. ਦੇਣ ਸਮੇਂ ਵਿਅਕਤੀ ਦੀ ਠੋਡੀ ਨੂੰ ਉੱਚਾ ਚੁੱਕੋ, ਤਾਂ ਜੋ ਉਸਦਾ ਸਿਰ ਪਿੱਛੇ ਨੂੰ ਝੁਕ ਜਾਵੇ ਅਤੇ ਉਨ੍ਹਾਂ ਦੀ ਸਾਹ ਨਾਲੀ ਖੁੱਲ੍ਹ ਜਾਵੇ। ਇਸ ਨੂੰ ਇੱਕ ਮਿੰਟ ਵਿੱਚ 100 ਤੋਂ 120 ਵਾਰ ਕਰੋ, ਜਦੋਂ ਤੱਕ ਵਿਅਕਤੀ ਹਿੱਲਣਾ ਸ਼ੁਰੂ ਨਹੀਂ ਕਰ ਦਿੰਦਾ ਜਾਂ ਮਦਦ ਨਾ ਆਉਣ ਤੱਕ ਛਾਤੀ ਨੂੰ ਦਬਾਉਂਦੇ ਰਹੋ।

ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਨੇ ਦੱਸਿਆ ਕਿ ਸੀ.ਪੀ.ਆਰ. ਇੱਕ ਐਮਰਜੈਂਸੀ ਪ੍ਰਕਿਰਿਆ ਹੈ। ਜਦੋਂ ਕਿਸੇ ਵਿਅਕਤੀ ਦੇ ਦਿਲ ਦੀ ਧੜਕਣ ਜਾਂ ਸਾਹ ਰੁਕ ਜਾਂਦਾ ਹੈ, ਤਾਂ ਸੀ.ਪੀ.ਆਰ ਰਾਹੀ ਬੇਹੋਸ਼ ਵਿਅਕਤੀ ਨੂੰ ਸਾਹ ਦਿੱਤਾ ਜਾਂਦਾ ਹੈ, ਜੋ ਫੇਫੜਿਆਂ ਨੂੰ ਆਕਸੀਜਨ ਪ੍ਰਦਾਨ ਕਰਦਾ ਹੈ। ਇਸ ਨਾਲ ਸਰੀਰ ਵਿੱਚ ਪਹਿਲਾਂ ਤੋਂ ਮੌਜੂਦ ਆਕਸੀਜਨ ਵਾਲਾ ਖੂਨ ਸੰਚਾਰਿਤ ਹੋ ਜਾਂਦਾ ਹੈ। ਕਾਰਡੀਅਕ ਅਰੈਸਟ ਦੇ ਇਲਾਜ ਲਈ ਮਰੀਜ਼ ਨੂੰ ਸੀ.ਪੀ.ਆਰ. ਦਿੱਤਾ ਜਾਂਦਾ ਹੈ, ਤਾਂ ਜੋ ਉਸ ਦੇ ਦਿਲ ਦੀ ਧੜਕਣ ਨੂੰ ਨਿਯਮਤ ਕੀਤਾ ਜਾ ਸਕੇ। ਇਸ ਨਾਲ ਦਿਲ ਦਾ ਦੌਰਾ ਪੈਣ ਅਤੇ ਸਾਹ ਲੈਣ ਵਿੱਚ ਅਸਮਰੱਥਾ ਵਰਗੀਆਂ ਐਮਰਜੈਂਸੀ ਸਥਿਤੀਆਂ ਵਿੱਚ ਕਿਸੇ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ।
ਟ੍ਰੇਨਿੰਗ ਸੈਸ਼ਨ ਦੌਰਾਨ ਡਾ. ਪਿਯੂਸ਼ ਖੰਨਾ ਮੈਡੀਕਲ ਅਫ਼ਸਰ (ਐਨੀਸਥੀਸੀਆ) ਵੱਲੋਂ ਨਰਸਿੰਗ ਵਿਦਿਆਰਥਣਾਂ ਨੂੰ ਡੱਮੀ ਰਾਹੀਂ ਸੀ.ਪੀ.ਆਰ. ਸਬੰਧੀ ਸਿਖਲਾਈ ਦਿੰਦੇ ਹੋਏ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਨਰਸਿੰਗ ਸਕੂਲ ਦੇ ਪ੍ਰਿੰਸੀਪਲ ਮੈਡਮ ਸੁਨੀਤਾ, ਮੈਡਮ ਸੰਜੋਗਿਤਾ, ਮੈਡਮ ਜਸਬੀਰ, ਮੈਡਮ ਰਵਿੰਦਰ ਕੌਰ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਡਿਪਟੀ ਐਮ.ਈ.ਆਈ.ਓ. ਤਰਸੇਮ ਲਾਲ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਮੌਜੂਦ ਸਨ।
