ਖ਼ਬਰਿਸਤਾਨ ਨੈੱਟਵਰਕ: ਪੰਜਾਬ ‘ਚ ਗਰਮੀ ਇੰਨੀ ਵੱਧ ਰਹੀ ਹੈ ਕਿ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਪਾਰਾ 40 ਤੋਂ ਪਾਰ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ‘ਚ ਚਾਰ ਦਿਨ ਲਈ ਲੂ ਦਾ ਅਲਰਟ ਜਾਰੀ ਕੀਤਾ ਹੈ| ਹਾਲਾਂਕਿ ਉਸ ਤੋਂ ਬਾਅਦ ਕਈ ਇਲਾਕਿਆਂ ‘ਚ ਮੀਂਹ ਦੀ ਵੀ ਸੰਭਾਵਨਾ ਹੈ| ਰਾਜ ‘ਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ|
1 ਮਈ ਤੱਕ ਲੂ ਦਾ ਅਲਰਟ ਜਾਰੀ
ਦੱਸ ਦੇਈਏ ਕਿ ਬੀਤੇ ਦਿਨ ਹੁਸ਼ਿਆਰਪੁਰ ਦੇ ਕਈ ਇਲਾਕਿਆਂ ‘ਚ ਮੀਂਹ ਵਰਗਾ ਮੌਸਮ ਬਣਿਆ ਹੋਇਆ ਸੀ| ਜਲੰਧਰ ਦੇ ਭੋਗਪੁਰ ‘ਚ ਵੀ ਹਲਕੇ ਬੱਦਲ ਛਾਏ ਹੋਏ ਸਨ| ਮੌਸਮ ਵਿਭਾਗ (IMD) ਚੰਡੀਗੜ੍ਹ ਦੇ ਅਨੁਸਾਰ 1 ਮਈ, 2025 ਤੱਕ ਪੰਜਾਬ ਨੂੰ ਲੂ ਦਾ ਪ੍ਰਭਾਵ ਰਹੇਗਾ। ਇੰਨਾ ਹੀ ਨਹੀਂ 1 ਮਈ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਗਰਜ, ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਹੈ। ਜਦੋਂ ਕਿ ਹੋਰ ਜ਼ਿਲ੍ਹਿਆਂ ਵਿੱਚ ਗਰਮੀ ਦੀ ਲਹਿਰ ਦੇ ਹਾਲਾਤ ਦੇਖੇ ਜਾ ਸਕਦੇ ਹਨ।
ਬਠਿੰਡਾ ਜ਼ਿਲ੍ਹੇ ‘ਚ ਸਭ ਵੱਧ ਤਾਪਮਾਨ
ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਵਰਗਿਆਂ ਜ਼ਿਲ੍ਹਿਆਂ ਵਿੱਚ ਮੌਸਮ ਆਮ ਰਹੇਗਾ, ਜਦੋਂ ਕਿ ਫਾਜ਼ਿਲਕਾ, ਬਠਿੰਡਾ, ਫਰੀਦਕੋਟ ਵਿੱਚ ਲੂ ਦੀ ਚੇਤਾਵਨੀ ਹੈ। ਸੂਬੇ ਦਾ ਸਭ ਤੋਂ ਵੱਧ ਤਾਪਮਾਨ 42.9 ਡਿਗਰੀ ਸੈਲਸੀਅਸ ਬਠਿੰਡਾ ਵਿੱਚ ਦਰਜ ਕੀਤਾ ਗਿਆ।
ਦੱਸ ਦੇਈਏ ਕਿ ਦੁਪਹਿਰ ਦੇ ਸਮੇਂ ਜ਼ਿਆਦਾ ਦੇਰ ਤੱਕ ਬਾਹਰ ਰਹਿਣ ‘ਤੇ ਡੀ-ਹਾਈਡਰੇਸ਼ਨ ਅਤੇ ਹੀਟ ਸਟਰੋਕ ਦਾ ਖਤਰਾ ‘ਤੇ ਚਮੜੀ ਨਾਲ ਸੰਬੰਧਿਤ ਬਿਮਾਰੀਆਂ ਹੋ ਸਕਦੀਆਂ ਹਨ| ਅਜਿਹੇ ਮੌਸਮ ‘ਚ ਬੱਚਿਆਂ ਤੇ ਬਜ਼ੁਰਗਾਂ ਨੂੰ ਖਾਸ ਕਰ ਧਿਆਨ ਰੱਖਣ ਚਾਹੀਦਾ ਹੈ|