ਖ਼ਬਰਿਸਤਾਨ ਨੈੱਟਵਰਕ: ਵਿਜੀਲੈਂਸ ਨੇ ਚਿੱਟੇ ਸਮੇਤ ਫੜੀ ਗਈ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਕੋਰਟ ਵੱਲੋਂ ਅਮਨਦੀਪ ਕੌਰ ਨੂੰ 3 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਇੱਕ ਅਧਿਕਾਰੀ ਨੇ ਦੱਸਿਆ ਕਿ ਬਰਖਾਸਤ ਮਹਿਲਾ ਕਾਂਸਟੇਬਲ ਨੂੰ ਅੱਜ ਬਠਿੰਡਾ ਕੋਰਟ ਵਿੱਚ ਪੇਸ਼ ਕੀਤਾ ਗਿਆ। ਵਿਜੀਲੈਂਸ ਨੇ ਕੋਰਟ ਤੋਂ ਅਮਨਦੀਪ ਕੌਰ ਦਾ 5 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਕੋਰਟ ਵੱਲੋਂ ਉਸ ਨੂੰ 3 ਦਿਨਾਂ ਦੇ ਰਿਮਾਂਡ ‘ਤੇ ਭੇਜਿਆ ਗਿਆ ਹੈ। ਅਮਨਦੀਪ ਕੌਰ ਦਾ ਸਰਚ ਵਾਰੰਟ ਲਿਆ ਗਿਆ ਹੈ। ਉਸ ਨੂੰ 29 ਮਈ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।
1 ਕਰੋੜ 38 ਲੱਖ ਰੁਪਏ ਦੀ ਜਾਇਦਾਦ ਫ੍ਰੀਜ਼
ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਐਕਸ਼ਨ ਲੈਂਦਿਆਂ ਉਸ ਦੀ ਜਾਇਦਾਦ ਨੂੰ ਫ੍ਰੀਜ਼ ਕਰ ਦਿੱਤਾ ਹੈ | ਪੁਲਿਸ ਨੇ ਉਸਦਾ ਮੋਬਾਈਲ ਫੋਨ, ਪਲਾਟ ਅਤੇ ਥਾਰ ਗੱਡੀ ਮਿਲਾ ਕੇ ਕੁੱਲ 1 ਕਰੋੜ 38 ਲੱਖ ਰੁਪਏ ਦੀ ਜਾਇਦਾਦ ਫ੍ਰੀਜ਼ ਕੀਤਾ ਹੈ। ਇਸ ਸੰਬੰਧੀ ਪੁਲਿਸ ਨੇ ਉਸ ਦੇ ਘਰ ਦੇ ਬਾਹਰ ਪੋਸਟਰ ਵੀ ਚਿਪਕਾਏ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਦੀ ਨੌਕਰੀ ਤੋਂ ਬਰਖਾਸਤ ਅਤੇ ਕੁਝ ਦਿਨ ਪਹਿਲਾਂ ਜੇਲ੍ਹ ’ਚੋਂ ਜ਼ਮਾਨਤ ’ਤੇ ਬਾਹਰ ਆਈ ਬਠਿੰਡਾ ਦੀ ਸੀਨੀਅਰ ਕਾਂਸਟੇਬਲ ਅਮਨਦੀਪ ਕੌਰ ਨੂੰ ਹੁਣ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ 2 ਅਪ੍ਰੈਲ 2025 ਨੂੰ ਪੁਲਿਸ ਸਟੇਸ਼ਨ ਕੈਨਾਲ ਕਲੋਨੀ ਵਿਖੇ ਦਰਜ ਐਫਆਈਆਰ ਨੰਬਰ 65 ਦੇ ਤਹਿਤ ਕੀਤੀ ਗਈ ਹੈ, ਜੋ ਕਿ ਐਨਡੀਪੀਐਸ ਐਕਟ ਦੀ ਧਾਰਾ 21ਬੀ, 61 ਅਤੇ 85 ਦੇ ਤਹਿਤ ਦਰਜ ਹੈ।
ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ
ਜਾਣਕਾਰੀ ਅਨੁਸਾਰ ਅਮਨਦੀਪ ਕੌਰ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਰਿਕਾਰਡ ਅਨੁਸਾਰ, ਕੁਝ ਸਾਲਾਂ ਵਿੱਚ ਉਸਦੀ ਆਮਦਨ 1.08 ਕਰੋੜ ਰੁਪਏ ਹੋਣ ਦਾ ਅਨੁਮਾਨ ਸੀ। ਪਰ ਜਦੋਂ ਵਿਜੀਲੈਂਸ ਨੇ ਹਿਸਾਬ ਲਗਾਉਣਾ ਸ਼ੁਰੂ ਕੀਤਾ ਤਾਂ ਖਰਚਾ 1.39 ਕਰੋੜ ਰੁਪਏ ਨਿਕਲਿਆ। ਮਿਲੀ ਜਾਣਕਾਰੀ ਅਨੁਸਾਰ ਅਮਨਦੀਪ ਕੌਰ ਨੂੰ ਅੱਜ ਆਮ ਪੁੱਛਗਿੱਛ ਦੇ ਬਹਾਨੇ ਬੁਲਾਇਆ ਗਿਆ ਸੀ। ਪਰ ਜਦੋਂ ਉਹ ਪਹੁੰਚੀ ਤਾਂ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਉਸ ਨੂੰ ਅੱਜ ਦੇਰ ਸ਼ਾਮ ਜਾਂ ਕੱਲ੍ਹ ਸਵੇਰੇ ਅਦਾਲਤ ਵਿੱਚ ਪੇਸ਼ ਕਰ ਸਕਦੀ ਹੈ ਅਤੇ ਉਸਦਾ ਰਿਮਾਂਡ ਪ੍ਰਾਪਤ ਕਰ ਸਕਦੀ ਹੈ।
17 ਗ੍ਰਾਮ ਚਿੱਟੇ ਸਮੇਤ ਫੜੀ ਗਈ ਸੀ
ਬਠਿੰਡਾ ਪੁਲਿਸ ਨੇ ਬੀਤੇ ਦਿਨਾਂ ਦੌਰਾਨ ਉਕਤ ਮਹਿਲਾ ਕਾਂਸਟੇਬਲ ਨੂੰ ਥਾਰ ਗੱਡੀ ਸਮੇਤ ਗ੍ਰਿਫਤਾਰ ਕੀਤਾ ਸੀ। ਇਸ ਦੌਰਾਨ ਉਸ ਦੀ ਗੱਡੀ ਵਿਚੋਂ 17.71 ਗ੍ਰਾਮ ਹੈਰੋਇਨ(ਚਿੱਟੀ) ਬਰਾਮਦ ਹੋਇਆ ਸੀ। ਇਸ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਉਸ ਨੂੰ ਬਰਖ਼ਾਸਤ ਕਰ ਦਿੱਤਾ ਸੀ।
ਲਗਜ਼ਰੀ ਲਾਈਫਸਟਾਈਲ ਕਾਰਣ ਚੜ੍ਹੀ ਵਿਜੀਲੈਂਸ ਦੇ ਅੜਿੱਕੇ
ਗ੍ਰਿਫ਼ਤਾਰੀ ਤੋਂ ਬਾਅਦ ਆਖ਼ਿਰ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਅਮਨਦੀਪ ਕੌਰ ਗ੍ਰਿਫ਼ਤਾਰੀ ਤੋਂ ਬਾਅਦ ਇਸ ਕਰ ਕੇ ਲਗਾਤਾਰ ਸੁਰਖੀਆਂ ਵਿਚ ਬਣੀ ਰਹੀ ਕਿਉਂਕਿ ਉਸ ਕੋਲ ਬਠਿੰਡਾ ਵਿਚ ਆਲੀਸ਼ਾਨ ਕੋਠੀ ਤੋਂ ਇਲਾਵਾ ਮਹਿੰਗੀਆਂ-ਮਹਿੰਗੀਆਂ ਗੱਡੀਆਂ ਤੇ ਘੜੀਆਂ ਆਦਿ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ। ਜਿਸ ਨੇ ਵਿਜੀਲੈਂਸ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਦੀ ਜਾਂਚ ਲਈ ਹੁਣ ਵਿਜੀਲੈਂਸ ਨੇ ਅਮਨਦੀਪ ਕੌਰ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਤੇ ਜਾਂਚ ਕਰ ਰਹੀ ਹੈ।
ਇੰਸਟਾਗ੍ਰਾਮ ‘ਤੇ ਰਹਿੰਦੀ ਸੀ ਐਕਟਿਵ
ਦੱਸ ਦੇਈਏ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਨੇ ਮਾਨਸਾ ਪੁਲਿਸ ਲਾਈਨ ਵਿੱਚ ਤਾਇਨਾਤ ਇੱਕ ਮਹਿਲਾ ਪੁਲਿਸ ਕਾਂਸਟੇਬਲ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਹ ਮਹਿਲਾ ਕਾਂਸਟੇਬਲ ਇੰਸਟਾਗ੍ਰਾਮ ‘ਤੇ ਬਹੁਤ ਮਸ਼ਹੂਰ ਹੈ, ਉਸਦੀਆਂ ਰੀਲਾਂ ਹਰ ਰੋਜ਼ ਇੰਸਟਾਗ੍ਰਾਮ ‘ਤੇ ਦਿਖਾਈ ਦਿੰਦੀਆਂ ਹਨ। ਉਸਨੇ ਪੁਲਸ ਦੀ ਵਰਦੀ ਵਿੱਚ ਅਤੇ ਥਾਰ ਦੇ ਨਾਲ ਇੰਸਟਾਗ੍ਰਾਮ ‘ਤੇ ਕਈ ਰੀਲਾਂ ਅਪਲੋਡ ਕੀਤੀਆਂ।