ਖਬਰਿਸਤਾਨ ਨੈੱਟਵਰਕ- ਦਿਨ-ਦਿਹਾੜੇ ਗੋਲੀਆਂ ਮਾਰ ਕੇ ਇਕ ਕਬੱਡੀ ਖਿਡਾਰੀ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਵੀਰਵਾਰ ਦੇਰ ਰਾਤ ਦੀ ਹੈ, ਜਿਥੇ ਹਰਿਆਣਾ ਦੇ ਪੰਚਕੂਲਾ ਦੇ ਅਮਰਾਵਤੀ ਸਥਿਤ ਕਾਸਮੋ ਮਾਲ ਦੇ ਬਾਹਰ ਨੈਸ਼ਨਲ ਕਬੱਡੀ ਖਿਡਾਰੀ ਸੋਨੂੰ ਨੋਲਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਤਲ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਇਸ਼ਾਰੇ ‘ਤੇ ਕੀਤਾ ਗਿਆ ਹੈ। ਇਸ ਫਾਇਰਿੰਗ ਵਿਚ ਇੱਕ ਹੋਰ ਨੌਜਵਾਨ ਜ਼ਖਮੀ ਹੋ ਗਿਆ ਹੈ, ਜਿਸ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਬਾਰੇ ਪੰਚਕੂਲਾ ਦੇ ਡੀਸੀਪੀ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ।
ਖਿਡਾਰੀ ਦੀ ਮੌਕੇ ਉਤੇ ਹੀ ਹੋਈ ਮੌਤ
ਜਾਣਕਾਰੀ ਅਨੁਸਾਰ ਪੰਚਕੂਲਾ ਦੇ ਅਮਰਾਵਤੀ ਵਿੱਚ ਮਾਲ ਵਿੱਚ ਤਿੰਨ ਕੁੜੀਆਂ ਸਮੇਤ 5 ਲੋਕ ਫਿਲਮ ਦੇਖਣ ਗਏ ਸਨ। ਇਸ ਦੌਰਾਨ ਜਦੋਂ ਸਾਰੇ ਫਿਲਮ ਦੇਖ ਕੇ ਵਾਪਸ ਆਪਣੇ ਘਰ ਜਾ ਰਹੇ ਸਨ ਤਾਂ ਅਚਾਨਕ ਗੈਂਗਸਟਰ ਇੱਕ ਸਵਿਫਟ ਕਾਰ ਵਿੱਚ ਆਏ ਅਤੇ ਸੋਨੂੰ ਦੀ ਸਕਾਰਪੀਓ ਉਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਕਿਹਾ ਜਾ ਰਿਹੈ ਕਿ 15 ਰਾਉਂਡ ਫਾਇਰ ਕੀਤੀ ਗਈ। ਹਮਲੇ ਵਿੱਚ ਸੋਨੂੰ ਨੂੰ ਪਿੱਠ, ਛਾਤੀ, ਸਿਰ ਅਤੇ ਹੱਥ ਵਿੱਚ ਕੁੱਲ ਸੱਤ ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਕ ਨੌਜਵਾਨ ਜ਼ਖਮੀ
ਦੂਜੇ ਨੌਜਵਾਨ ਸੋਨੂੰ ਦੇ ਦੋਸਤ ਪ੍ਰਿੰਸ (26) ਵੀ ਇਸ ਦੌਰਾਨ ਜ਼ਖਮੀ ਹੋ ਗਿਆ, ਜੋ ਕਿ ਪਿੰਜੌਰ ਦੇ ਮੱਲ੍ਹਾ ਦਾ ਰਹਿਣ ਵਾਲਾ ਹੈ। ਉਸ ਦੇ ਪੱਟ ਵਿੱਚ ਗੋਲੀ ਲੱਗੀ ਸੀ ਅਤੇ ਉਸ ਦਾ ਹੁਣ ਪੀਜੀਆਈ ਚੰਡੀਗੜ੍ਹ ਵਿਚ ਇਲਾਜ ਚੱਲ ਰਿਹਾ ਹੈ।
ਹਮਲਾਵਰਾਂ ਨੇ ਸੋਸ਼ਲ ਮੀਡੀਆ ‘ਤੇ ਕਤਲ ਦੀ ਜ਼ਿੰਮੇਵਾਰੀ ਲਈ
ਇਸ ਖੂਨੀ ਖੇਡ ਤੋਂ 20 ਮਿੰਟ ਬਾਅਦ ਹੀ ਪੀਯੂਸ਼ ਨਾਂ ਦੇ ਇੱਕ ਨੌਜਵਾਨ ਨੇ ਇੱਕ ਵੀਡੀਓ ਜਾਰੀ ਕਰ ਕੇ ਕਤਲ ਦੀ ਜ਼ਿੰਮੇਵਾਰੀ ਲਈ। ਵੀਡੀਓ ਵਿੱਚ ਉਸ ਨੇ ਕਿਹਾ ਕਿ ਅਸੀਂ ਇਹ ਵਾਰਦਾਤ ਕੀਤੀ ਹੈ। ਅਨਮੋਲ ਬਿਸ਼ਨੋਈ ਮੇਰੇ ਨਾਲ ਹੈ ਅਤੇ ਮੈਂ ਉਸ ਦੇ ਇਸ਼ਾਰੇ ‘ਤੇ ਗੋਲੀ ਚਲਾਈ। ਪੀਯੂਸ਼ ਨੇ ਸੋਨੂੰ ਨਾਲ ਨਿੱਜੀ ਦੁਸ਼ਮਣੀ ਦਾ ਵੀ ਜ਼ਿਕਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਪੀਯੂਸ਼ ਅਤੇ ਸੋਨੂੰ ਵਿਚਕਾਰ ਦੋਸਤੀ ਸੀ ਪਰ ਬਾਅਦ ਵਿੱਚ ਜੋ ਦੁਸ਼ਮਣੀ ਵਿਚ ਬਦਲ ਗਈ।