ਖ਼ਬਰਿਸਤਾਨ ਨੈੱਟਵਰਕ: ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਜੰਗ ਦੇ 20ਵੇਂ ਦਿਨ ਹਾਲਾਤ ਕਾਫੀ ਨਾਜ਼ੁਕ ਹੋ ਗਏ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਸਖ਼ਤ ਲਹਿਜੇ ਵਿੱਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਤਰ ‘ਤੇ ਦੁਬਾਰਾ ਹਮਲਾ ਹੋਇਆ, ਤਾਂ ਅਮਰੀਕਾ ਬਹੁਤ ਵੱਡੀ ਫ਼ੌਜੀ ਕਾਰਵਾਈ ਕਰੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕਤਰ ਵਰਗੇ “ਬੇਗੁਨਾਹ” ਦੇਸ਼ ‘ਤੇ ਹਮਲਾ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕਤਰ ਦੇ ਗੈਸ ਪਲਾਂਟ ‘ਤੇ ਕੀਤਾ ਹਮਲਾ
ਈਰਾਨ ਨੇ ਕਤਰ ਦੇ ਸਭ ਤੋਂ ਵੱਡੇ ਗੈਸ ਪਲਾਂਟ ‘ਰਾਸ ਲਫਾਨ’ (Ras Laffan) ‘ਤੇ ਮਿਜ਼ਾਈਲ ਹਮਲਾ ਕੀਤਾ ਹੈ। ਇਸ ਹਮਲੇ ਕਾਰਨ ਉੱਥੇ ਭਿਆਨਕ ਅੱਗ ਲੱਗ ਗਈ ਅਤੇ ਕਾਫੀ ਨੁਕਸਾਨ ਹੋਇਆ। ਹਾਲਾਂਕਿ, ਤਾਜ਼ਾ ਰਿਪੋਰਟਾਂ ਮੁਤਾਬਕ ਕਤਰ ਦੀ ਸਿਵਲ ਡਿਫੈਂਸ ਟੀਮ ਨੇ ਅੱਗ ‘ਤੇ ਕਾਬੂ ਪਾ ਲਿਆ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਇਸ ਹਮਲੇ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ ਅਤੇ ਕਤਰ ਇਸ ਜੰਗ ਵਿੱਚ ਸ਼ਾਮਲ ਨਹੀਂ ਸੀ। ਉਨ੍ਹਾਂ ਮੁਤਾਬਕ ਈਰਾਨ ਨੇ ਗਲਤਫਹਿਮੀ ਵਿੱਚ ਕਤਰ ਨੂੰ ਨਿਸ਼ਾਨਾ ਬਣਾਇਆ ਹੈ।
ਤਣਾਅ ਉਦੋਂ ਵਧਿਆ ਜਦੋਂ ਇਜ਼ਰਾਈਲ ਨੇ ਈਰਾਨ ਦੇ ‘ਪਾਰਸ ਗੈਸ ਪਲਾਂਟ’ (South Pars) ‘ਤੇ ਹਮਲਾ ਕੀਤਾ ਸੀ। ਇਸ ਦੇ ਜਵਾਬ ਵਿੱਚ ਈਰਾਨ ਨੇ ਕਤਰ, ਯੂ.ਏ.ਈ. ਅਤੇ ਸਾਊਦੀ ਅਰਬ ਦੇ ਤੇਲ ਤੇ ਗੈਸ ਪਲਾਂਟਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਸੀ।
ਈਰਾਨੀ ਅਧਿਕਾਰੀਆਂ ਨੂੰ ਦੇਸ਼ ਛੱਡਣ ਦਾ ਹੁਕਮ
ਕਤਰ ਨੇ ਇਸ ਹਮਲੇ ਨੂੰ “ਰੈੱਡ ਲਾਈਨ” (ਹੱਦ ਪਾਰ ਕਰਨਾ) ਦੱਸਿਆ ਹੈ ਅਤੇ ਈਰਾਨੀ ਅਧਿਕਾਰੀਆਂ ਨੂੰ ਦੇਸ਼ ਛੱਡਣ ਦਾ ਹੁਕਮ ਦੇ ਦਿੱਤਾ ਹੈ। ਇਸ ਹਮਲੇ ਤੋਂ ਬਾਅਦ ਦੁਨੀਆ ਭਰ ਵਿੱਚ ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ। ਬ੍ਰੈਂਟ ਕਰੂਡ ਆਇਲ ਦੀ ਕੀਮਤ $113 ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ।
UAE ਨੇ ਕਈ ਗੈਸ ਪਲਾਂਟ ਕੀਤੇ ਬੰਦ
ਸਿਰਫ਼ ਕਤਰ ਹੀ ਨਹੀਂ, ਸਗੋਂ ਯੂ.ਏ.ਈ. (UAE) ਨੇ ਵੀ ਆਪਣੇ ਕਈ ਗੈਸ ਪਲਾਂਟ ਬੰਦ ਕਰ ਦਿੱਤੇ ਹਨ ਕਿਉਂਕਿ ਉੱਥੇ ਮਿਜ਼ਾਈਲਾਂ ਦੇ ਟੁਕੜੇ ਡਿੱਗ ਰਹੇ ਹਨ। ਅਮਰੀਕਾ ਹੁਣ ਪੱਛਮੀ ਏਸ਼ੀਆ ਵਿੱਚ ਹਜ਼ਾਰਾਂ ਹੋਰ ਸੈਨਿਕਾਂ ਨੂੰ ਭੇਜਣ ‘ਤੇ ਵਿਚਾਰ ਕਰ ਰਿਹਾ ਹੈ ਤਾਂ ਜੋ ਤੇਲ ਦੀ ਸਪਲਾਈ ਦੇ ਰਸਤਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਰਿਪੋਰਟਾਂ ਮੁਤਾਬਕ ਈਰਾਨੀ ਮਿਜ਼ਾਈਲਾਂ ਦੇ ਟੁਕੜੇ ਡਿੱਗਣ ਕਾਰਨ ਵੈਸਟ ਬੈਂਕ ਵਿੱਚ ਤਿੰਨ ਫਲਸਤੀਨੀ ਔਰਤਾਂ ਦੀ ਮੌਤ ਵੀ ਹੋਈ ਹੈ।