ਜਲੰਧਰ ‘ਚ ਸਵੇਰੇ-ਸਵੇਰੇ ਸਕੂਲਾਂ ‘ਚ ਬੰਬ ਨਾਲ ਉਡਾਉਣ ਦੀ ਧਕਮੀ ਮਿਲਣ ਕਾਰਣ ਸ਼ਹਿਰ ‘ਚ ਹੜਕੰਪ ਮੱਚਿਆ ਹੋਇਆ ਹੈ। ਜਿਸ ਤੋਂ ਬਾਅਦ ਜਿਲ੍ਹੇ ਦੇ DC ਅਤੇ CP ਦਾ ਬਿਆਨ ਵੀ ਸਾਹਮਣੇ ਆਇਆ ਹੈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਥਿਤੀ ਸਪੱਸ਼ਟ ਕਰਨ ਲਈ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਸਾਈਬਰ ਸੈੱਲ ਧਮਕੀ ਭਰੀ ਈਮੇਲ ਦੀ ਜਾਂਚ ਕਰ ਰਿਹਾ ਹੈ ਅਤੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
ਪ੍ਰੈਸ ਕਾਨਫਰੰਸ ਵਿੱਚ, ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਹੁਣ ਤੱਕ ਕਿਸੇ ਵੀ ਸਕੂਲ ਜਾਂ ਕਾਲਜ ਕੈਂਪਸ ਵਿੱਚੋਂ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ। ਸਾਰੇ ਸਕੂਲ ਅਤੇ ਕਾਲਜਾਂ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ ਹੈ, ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ‘ਤੇ ਹਨ।
ਡੀਸੀ ਨੇ ਸਪੱਸ਼ਟ ਕੀਤਾ ਕਿ ਇਸ ਸਮੇਂ ਸਕੂਲ ਬੰਦ ਕਰਨ ਦਾ ਕੋਈ ਪ੍ਰਸ਼ਾਸਕੀ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ। ਜਿਨ੍ਹਾਂ ਸਕੂਲਾਂ ਨੂੰ ਸਿੱਧੀਆਂ ਧਮਕੀਆਂ ਨਹੀਂ ਮਿਲੀਆਂ ਹਨ, ਉਨ੍ਹਾਂ ਸਕੂਲ ਪ੍ਰਬੰਧਨ ਨੂੰ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੰਗਲਵਾਰ ਨੂੰ ਸਕੂਲ ਖੁੱਲ੍ਹੇ ਰਹਿਣਗੇ ਜਾਂ ਬੰਦ ਰਹਿਣਗੇ, ਇਸ ਬਾਰੇ ਅੰਤਿਮ ਫੈਸਲਾ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਸ਼ਾਮ ਤੱਕ ਦਿੱਤੀ ਜਾਵੇਗੀ। ਪ੍ਰਸ਼ਾਸਨ ਨੇ ਮਾਪਿਆਂ ਅਤੇ ਜਨਤਾ ਨੂੰ ਅਫਵਾਹਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ।
ਦੱਸ ਦੇਈਏ ਕਿ ਦੋਆਬਾ ਚੌਕ ਨੇੜੇ ਕੇਐਮਵੀ ਸਕੂਲ ਦੇ ਪ੍ਰਿੰਸੀਪਲ ਨੂੰ ਸਕੂਲ ਨੂੰ ਉਡਾਉਣ ਦੀ ਧਮਕੀ ਵਾਲਾ ਈਮੇਲ ਮਿਲਿਆ। ਇਸ ਤੋਂ ਬਾਅਦ ਸਕੂਲਾਂ ‘ਚ ਛੁੱਟੀ ਕਰ ਦਿੱਤੀ ਗਈ। ਇਸ ਨਾਲ ਕਈ ਸਕੂਲਾਂ ਵਿੱਚ ਦਹਿਸ਼ਤ ਫੈਲ ਗਈ। ਸੂਚਨਾ ਮਿਲਣ ‘ਤੇ ਏਸੀਪੀ ਅਤੇ ਸਾਈਬਰ ਕ੍ਰਾਈਮ ਟੀਮ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸੇਂਟ ਜੋਸਫ਼, ਆਈਵੀਵਾਈ ਵਰਲਡ ਸਕੂਲ, ਸ਼ਿਵ ਜੋਤੀ ਪਬਲਿਕ ਸਕੂਲ, ਏਪੀਜੇ ਪਬਲਿਕ ਸਕੂਲ ਅਤੇ ਮੇਅਰ ਵਰਲਡ ਸਕੂਲ ਨੂੰ ਵੀ ਖਾਲੀ ਕਰਵਾਇਆ ਗਿਆ।
ਏਸੀਪੀ ਨੇ ਦੱਸਿਆ ਕਿ ਹੋਰ ਸਕੂਲਾਂ ਨੂੰ ਵੀ ਈਮੇਲ ਮਿਲੇ ਹਨ। ਸਾਈਬਰ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੇਂਟ ਜੋਸਫ਼ ਅਤੇ ਆਈਵੀਵਾਈ ਵਰਲਡ ਸਕੂਲ ਨੂੰ ਵੀ ਧਮਕੀ ਭਰੇ ਈਮੇਲ ਮਿਲੇ ਹਨ। ਹਾਲਾਂਕਿ, ਸੇਂਟ ਜੋਸਫ਼ ਦੇ ਸਕੂਲ ਪ੍ਰਬੰਧਕ ਵਿਦਿਆਰਥੀਆਂ ਨੂੰ ਛੁੱਟੀ ਨੂੰ ਲੈ ਕੇ ਤੇ ਈਮੇਲ ਪ੍ਰਾਪਤ ਹੋਣ ਤੋਂ ਇਨਕਾਰ ਕਰ ਰਹੇ ਹਨ। ਕੇਐਮਵੀ ਸਕੂਲ ਵਿੱਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਪੁਲਿਸ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ।
ਪੁਲਿਸ ਇਨ੍ਹਾਂ ਸਕੂਲਾਂ ਤੱਕ ਵੀ ਪਹੁੰਚ ਗਈ ਹੈ। ਫ਼ੋਨ ‘ਤੇ ਗੱਲ ਕਰਦੇ ਹੋਏ, ਸ਼ਿਵ ਜੋਤੀ ਦੇ ਪ੍ਰਿੰਸੀਪਲ ਪ੍ਰਵੀਨ ਸੈਲੀ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਨੂੰ ਕੋਈ ਧਮਕੀ ਭਰੇ ਈਮੇਲ ਨਹੀਂ ਮਿਲੇ ਹਨ। ਹਾਲਾਂਕਿ, ਉਨ੍ਹਾਂ ਨੇ ਸਵੀਕਾਰ ਕੀਤਾ ਕਿ ਪੁਲਿਸ ਸਕੂਲ ਪਹੁੰਚ ਗਈ ਹੈ ਅਤੇ ਸੁਰੱਖਿਆ ਕਾਰਨਾਂ ਕਰਕੇ ਸਕੂਲ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਲਿਜਾਣ ਲਈ ਮੈਸੇਜ ਭੇਜੇ ਗਏ ਹਨ।



