ਖਬਰਿਸਤਾਨ ਨੈੱਟਵਰਕ- ਜਲੰਧਰ ਦੇ ਨੂਰਮਹਿਲ ਦੇ ਬੁਡਾਲਾ ਮੰਜਕੀ ਸਥਿਤ ਮੈਰਿਡ ਪਬਲਿਕ ਹਾਈ ਸਕੂਲ ਵਿੱਚ 9ਵੀਂ ਜਮਾਤ ਦੇ ਇੱਕ ਵਿਦਿਆਰਥੀ ਦੇ ਪਿਤਾ ਨੇ ਵਿਦਿਆਰਥੀ ਨਾਲ ਹੋਈ ਕੁੱਟ-ਮਾਰ ਨੂੰ ਲੈ ਕੇ ਸਕੂਲ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਗਾਏ ਹਨ। ਇੱਕ ਪ੍ਰੈਸ ਕਾਨਫਰੰਸ ਵਿੱਚ ਵਿਦਿਆਰਥੀ ਦੇ ਪਿਤਾ ਖੁਸ਼ਵੰਤ ਸਿੰਘ ਨੇ ਦੱਸਿਆ ਕਿ ਸਕੂਲ ਪ੍ਰਿੰਸੀਪਲ ਦੇ ਪਤੀ ਰਾਕੇਸ਼ ਕੁਮਾਰ ਵਾਲੀਆ ਨੇ ਉਸ ਦੇ ਪੁੱਤਰ ਨਾਲ ਕੁੱਟ-ਮਾਰ ਕੀਤੀ ਹੈ।
ਦੋਸ਼ ਹੈ ਕਿ ਇਸ ਤੋਂ ਬਾਅਦ ਰਾਕੇਸ਼ ਵਾਲੀਆ ਨੇ ਬੱਚੇ ਨੂੰ ਘਰ ਜਾ ਕੇ ਫਾਹਾ ਲੈਣ ਲਈ ਕਿਹਾ। ਜਦੋਂ ਪੁੱਤਰ ਘਰ ਵਾਪਸ ਆਇਆ ਅਤੇ ਸਕੂਲ ਤੋਂ ਜਲਦੀ ਵਾਪਸ ਆਉਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਸਾਰੀ ਘਟਨਾ ਬਾਰੇ ਦੱਸਿਆ। ਪੀਤਾ ਨੇ ਦੱਸਿਆ ਕਿ ਉਹ ਸਕੂਲ ਜਾਣ ਵਾਲਾ ਸੀ ਕਿ ਉਸ ਦੇ ਪੁੱਤਰ ਨੇ ਫਾਹਾ ਲਗਾ ਲਿਆ ਸੀ ਐਨ ਮੌਕੇ ਉਤੇ ਉਸ ਦੀ ਪਤਨੀ ਅਤੇ ਨੌਕਰਾਣੀ ਨੇ ਉਸ ਨੂੰ ਦੇਖ ਲਿਆ ਅਤੇ ਉਸਨੂੰ ਬਚਾਇਆ।
ਖੁਸ਼ਵੰਤ ਦਾ ਦੋਸ਼ ਹੈ ਕਿ ਜਦੋਂ ਉਸ ਨੇ ਘਟਨਾ ਬਾਰੇ ਪੁੱਛਣ ਲਈ ਰਾਕੇਸ਼ ਵਾਲੀਆ ਨੂੰ ਫ਼ੋਨ ਕੀਤਾ ਤਾਂ ਉਸ ਨੇ ਉਸ ਨਾਲ ਬਦਤਮੀਜ਼ੀ ਨਾਲ ਗੱਲ ਕੀਤੀ ਅਤੇ ਕਿਹਾ ਕਿ ਉਹ ਮਰਿਆ ਤਾਂ ਨਹੀਂ। ਪਿਤਾ ਦਾ ਦੋਸ਼ ਹੈ ਕਿ ਰਾਕੇਸ਼ ਵਾਲੀਆ ਨੇ ਅਣਉਚਿਤ ਵਿਵਹਾਰ ਕੀਤਾ। ਇਸ ਘਟਨਾ ਤੋਂ ਬਾਅਦ, ਪੁੱਤਰ ਨੂੰ ਗੰਭੀਰ ਸੱਟਾਂ ਲੱਗਣ ਕਾਰਣ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪਿਤਾ ਨੇ ਦੱਸਿਆ ਕਿ ਉਸਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁੱਤਰ ਨੂੰ ਕੱਲ੍ਹ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਉਨ੍ਹਾਂ ਅੱਗੋਂ ਦੱਸਿਆ ਕਿ ਉਸ ਦਾ ਪੁੱਤਰ ਤਿੰਨ ਦਿਨ ਸਕੂਲ ਨਹੀਂ ਗਿਆ ਅਤੇ ਉਸਨੂੰ ਰਾਹਤ ਲਈ ਰਿਲੀਫ ਵੀ ਪਾਈ। ਪਿਤਾ ਦਾ ਦੋਸ਼ ਹੈ ਕਿ ਸਕੂਲ ਵਿੱਚ ਅਧਿਆਪਕ ਉਸਨੂੰ ਗਲਤ ਢੰਗ ਨਾਲ ਟੱਚ ਕਰਦਾ ਸੀ ਅਤੇ ਉਸ ਨੂੰ ਕਹਿੰਦਾ ਸੀ ਕਿ ਉਸ ਵਿਚ ਕਰੰਟ ਨਹੀਂ ਹੈ। ਬੱਚੇ ਦੇ ਪਿਤਾ ਨੇ ਅਧਿਆਪਕ ‘ਤੇ ਕੁੱਟ-ਮਾਰ ਕਰਨ ਅਤੇ ਉਸ ਨੂੰ ਖੁਦਕੁਸ਼ੀ ਲਈ ਉਕਸਾਉਣ ਲਈ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੋਸ਼ ਹੈ ਕਿ ਨੂਰਮਹਿਲ ਪੁਲਿਸ ਸਟੇਸ਼ਨ ਨੇ ਉਸ ਤੋਂ ਕੋਈ ਬਿਆਨ ਨਹੀਂ ਲਿਆ। ਦੋਸ਼ ਇਹ ਵੀ ਹੈ ਕਿ ਅਧਿਆਪਕ ਅੱਠਵੀਂ ਜਮਾਤ ਪਾਸ ਹੈ ਅਤੇ ਸਕੂਲ ਵਿੱਚ ਹੀ ਨੌਕਰੀ ਕਰਦਾ ਹੈ। ਹਾਲਾਂਕਿ ਸਕੂਲ ਪ੍ਰਸ਼ਾਸਨ ਨੇ ਇਸ ਮਾਮਲੇ ਸੰਬੰਧੀ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ, ਜੇਕਰ ਉਹ ਵੀ ਆਪਣਾ ਪੱਖ ਪੇਸ਼ ਕਰਨਾ ਚਾਹੁੰਦੇ ਹਨ, ਤਾਂ ਇਸਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ।