ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਅੱਜ ਸਵੇਰੇ-ਸਵੇਰੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਲੰਧਰ-ਕਪੂਰਥਲਾ ਰੋਡ ‘ਤੇ ਸਥਿਤ ਸਕੂਲ ਦੇ ਬਾਹਰ PRTC ਬੱਸ ਅਤੇ ਪਿਕਅੱਪ ਗੱਡੀ ਦੀ ਟੱਕਰ ਨਾਲ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਟੱਕਰ ਇੰਨੀਂ ਭਿਆਨਕ ਸੀ ਕਿ ਪਿਕਅੱਪ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਉੱਥੇ ਹੀ ਪੀੜਤ ਪਰਿਵਾਰਾਂ ਨੇ ਘਟਨਾ ਸਥਾਨ ‘ਤੇ ਧਰਨਾ ਲਗਾ ਸੜਕ ਨੂੰ ਜਾਮ ਕਰ ਦਿੱਤਾ, ਡਰਾਈਵਰ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ।
ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚੀ । ਪੁਲਿਸ ਅਧਿਕਾਰੀਆਂ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪ੍ਰਦਰਸ਼ਨ ਖਤਮ ਕਰ ਦਿੱਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਇਹ ਹਾਦਸਾ ਸਵੇਰੇ ਬੱਸ ਡਰਾਈਵਰ ਦੇ ਨੀਂਦ ਆਉਣ ਕਾਰਨ ਵਾਪਰਿਆ । ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਦੋਸ਼ੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਤੜਕੇ 3 ਵਜੇ ਦੇ ਕਰੀਬ ਵਾਪਰੀ ਘਟਨਾ
ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ 3.20 ਵਜੇ ਵਾਪਰੀ। ਪੀ.ਆਰ.ਟੀ.ਸੀ. ਬੱਸ ਦੇ ਡਰਾਈਵਰ ਦੀ ਅੱਖ ਲੱਗਣ ਕਾਰਨ ਬੱਸ ਡਿਵਾਈਡਰ ਨਾਲ ਟਕਰਾ ਕੇ ਦੂਜੀ ਸੜਕ ‘ਤੇ ਚਲੀ ਗਈ। ਇਸ ਦੌਰਾਨ, ਇਹ ਸਾਹਮਣੇ ਤੋਂ ਆ ਰਹੀ ਇੱਕ ਪਿਕਅੱਪ ਨਾਲ ਟਕਰਾ ਗਈ। ਸਾਰੇ ਮ੍ਰਿਤਕ ਕਪੂਰਥਲਾ ਦੇ ਰਹਿਣ ਵਾਲੇ ਹਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਛੋਟੀ ਹਾਥੀ ਗੱਡੀ ਦੇ ਪਰਖਚੇ ਉੱਡ ਗਏ। ਜਿਸ ‘ਚ ਸਵਾਰ 3 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।