ਜਲੰਧਰ ਦੇ ਲੋਕਾਂ ਦੀ ਮੇਅਰ ਲਈ ਉਡੀਕ ਹੁਣ ਖਤਮ ਹੋਣ ਵਾਲੀ ਹੈ। ਕਿਉਂਕਿ ਇਸ ਹਫਤੇ ਮੇਅਰ ਦੇ ਨਾਂ ਦਾ ਐਲਾਨ ਹੋਣ ਜਾ ਰਿਹਾ ਹੈ। ਰੈੱਡ ਕਰਾਸ ਭਵਨ ਵਿਖੇ 11 ਜਨਵਰੀ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ। ਇਸ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਸਿਰਫ਼ ਨਾਵਾਂ ਦਾ ਐਲਾਨ ਹੋਣਾ ਬਾਕੀ ਹੈ।
ਡਿਵੀਜ਼ਨਲ ਕਮਿਸ਼ਨਰ ਨੇ ਮੀਟਿੰਗ ਬੁਲਾਈ
ਮੀਟਿੰਗ ਦੀ ਅਗਵਾਈ ਡਵੀਜ਼ਨਲ ਕਮਿਸ਼ਨਰ ਦਿਲਜੀਤ ਸਿੰਘ ਮਾਂਗਟ ਕਰਨਗੇ। ਇਹ ਸਮਾਗਮ ਦੁਪਹਿਰ 3 ਵਜੇ ਹੋਵੇਗਾ ਅਤੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ। ਇਸ ਦੌਰਾਨ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਵੀ ਚੁਕਾਈ ਜਾਵੇਗੀ। ਪੰਜਾਬ ਸਰਕਾਰ ਨੇ ਇਸ ਮੀਟਿੰਗ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ ਅਤੇ ਨਗਰ ਨਿਗਮ ਪ੍ਰਸ਼ਾਸਨ ਨੇ ਮੀਟਿੰਗ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
21 ਦਸੰਬਰ ਨੂੰ ਹੋਈਆਂ ਸਨ ਚੋਣਾਂ
ਦੱਸ ਦੇਈਏ ਕਿ ਜਲੰਧਰ ਵਿੱਚ 21 ਦਸੰਬਰ ਨੂੰ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਸਨ। ਇਸ ਵਿੱਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ। ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ 38 ਸੀਟਾਂ ਮਿਲੀਆਂ ਸਨ। ਹੁਣ ਪਾਰਟੀ ਨੇ ਹੋਰਨਾਂ ਪਾਰਟੀਆਂ ਦੇ ਕੌਂਸਲਰਾਂ ਨੂੰ ਆਪਣੇ ਨਾਲ ਜੋੜ ਲਿਆ ਹੈ ਅਤੇ ਬਹੁਮਤ ਦੇ ਅੰਕੜੇ ਹਾਸਲ ਕਰ ਲਏ ਹਨ। ਕੁਝ ਦਿਨਾਂ ਦੀ ਮਿਹਨਤ ਤੋਂ ਬਾਅਦ ‘ਆਪ’ ਨੇ 6 ਹੋਰ ਕੌਂਸਲਰ ਆਪਣੇ ਜੁਟਾ ਲਏ ਹਨ, ਜਿਨ੍ਹਾਂ ‘ਚੋਂ ਦੋ ਕਾਂਗਰਸ, ਦੋ ਭਾਜਪਾ ਅਤੇ ਦੋ ਕੌਂਸਲਰ ਆਜ਼ਾਦ ਰੂਪ ਤੋਂ ਜਿੱਤੇ ਹਨ।