ਈਰਾਨ-ਅਮਰੀਕਾ ਯੁੱਧ ਦਾ ਅਸਰ ਘਰ ਦੀ ਰਸੋਈ ਤੱਕ ਪਹੁੰਚ ਗਿਆ ਹੈ। ਜੰਗ ਦਾ ਸਿੱਧਾ ਅਸਰ ਹੁਣ ਭਾਰਤ ਦੀ ਰਸੋਈ ‘ਤੇ ਪੈਣਾ ਸ਼ੁਰੂ ਹੋ ਗਿਆ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਲੋਕ LPG ਸਿਲੰਡਰ ਲਈ ਲੰਬੀਆਂ ਲਾਈਨਾਂ ਵਿੱਚ ਲੱਗੇ ਹੋਏ ਹਨ। ਉੱਥੇ ਇਨ੍ਹਾਂ ਹਾਲਤਾਂ ਵਿਚਾਲੇ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਐਲਪੀਜੀ ਸਿਲੰਡਰ, ਪੈਟਰੋਲ ਅਤੇ ਡੀਜ਼ਲ ਦੀ ਕੋਈ ਕਮੀ ਨਹੀਂ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਜ਼ਿਲ੍ਹੇ ਵਿੱਚ ਲੋਕਾਂ ਦੀ ਲੋੜ ਮੁਤਾਬਕ ਪੂਰਾ ਸਟਾਕ ਮੌਜੂਦ ਹੈ ਅਤੇ ਸਪਲਾਈ ਚੇਨ ਵੀ ਬਿਲਕੁਲ ਨਾਰਮਲ ਤਰੀਕੇ ਨਾਲ ਚੱਲ ਰਹੀ ਹੈ। ਉੱਥੇ ਹੀ ਦੂਜੇ ਪਾਸੇ ਅੱਜ ਗੈਸ ਏਜੰਸੀ ਦੇ ਮਾਲਕ ਡੀ.ਐੱਸ. ਕੋਹਲੀ ਦਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਘਰੇਲੂ ਐੱਲ.ਪੀ.ਜੀ. ਦੀ ਸਪਲਾਈ ਵਿੱਚ ਕੋਈ ਸਮੱਸਿਆ ਨਹੀਂ ਹੈ, ਪਰ ਆਮ ਲੋਕਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸਿਰਫ਼ ਵਪਾਰਕ ਗੈਸ ਦੀ ਸਪਲਾਈ ਬੰਦ ਹੋਈ ਹੈ, ਪਰ ਘਰੇਲੂ ਗੈਸ ਦੀ ਸਪਲਾਈ ਦੋ ਤੋਂ ਤਿੰਨ ਦਿਨਾਂ ਦੇ ਅੰਦਰ ਲੋਕਾਂ ਤੱਕ ਪਹੁੰਚ ਰਹੀ ਹੈ। ਏਜੰਸੀ ਮਾਲਕ ਦਾ ਕਹਿਣਾ ਹੈ ਕਿ ਅਸੀਂ ਸਿਲੰਡਰਾਂ ਦੀ ਮੈਨੂਅਲ (Manual) ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ, ਪਰ ਲੋਕਾਂ ਅਨੁਸਾਰ ਜਦੋਂ ਉਹ ਗੈਸ ਏਜੰਸੀ ਦੇ ਅੰਦਰ ਆਉਂਦੇ ਹਨ, ਤਾਂ ਉਨ੍ਹਾਂ ਨੂੰ ਆਨਲਾਈਨ ਜਾਂ ਐਪ ਰਾਹੀਂ ਬੁਕਿੰਗ ਕਰਨ ਲਈ ਕਿਹਾ ਜਾਂਦਾ ਹੈ। ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਉਹ ਬਹੁਤ ਪਰੇਸ਼ਾਨ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਏਜੰਸੀਆਂ ‘ਚ ਗੈਸ ਸਿਲੰਡਰਾਂ ਨੂੰ ਲੈ ਕੇ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਲੋਕਾਂ ਦਾ ਕਹਿਣਾ ਹੈ ਕਿ ਐੱਲ.ਪੀ.ਜੀ. ਗੈਸ ਦੀ ਬੁਕਿੰਗ ਨਹੀਂ ਹੋ ਰਹੀ, ਜਿਸ ਕਾਰਨ ਉਨ੍ਹਾਂ ਨੂੰ ਗੈਸ ਏਜੰਸੀ ਦੇ ਦਫ਼ਤਰ ਆਉਣਾ ਪਿਆ ਹੈ। ਉੱਥੇ ਹੀ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਘਰੇਲੂ ਗੈਸ ਬੁਕਿੰਗ ਕਰਵਾਉਣ ਲਈ ਕਾਫੀ ਪਰੇਸ਼ਾਨ ਹੋ ਰਿਹਾ ਹੈ। ਆਨਲਾਈਨ ਬੁਕਿੰਗ ਨਹੀਂ ਹੋ ਰਹੀ। ਅੱਜ 26ਵਾਂ ਦਿਨ ਹੋ ਗਿਆ ਹੈ, ਪਰ ਬੁਕਿੰਗ ਨਹੀਂ ਕੀਤੀ ਜਾ ਰਹੀ। ਗਾਹਕ ਅਨੁਸਾਰ ਉਹ ਸਵੇਰ ਤੋਂ 4-5 ਵਾਰ ਚੱਕਰ ਕੱਟ ਚੁੱਕਾ ਹੈ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉੱਥੇ ਹੀ ਅਮਨਦੀਪ ਕੌਰ ਨੇ ਕਿਹਾ ਕਿ ਉਹ ਘਰੇਲੂ ਸਿਲੰਡਰ ਬੁੱਕ ਕਰਨ ਆਏ ਸਨ, ਪਰ ਆਨਲਾਈਨ ਬੁਕਿੰਗ ਵਿੱਚ ਪਰੇਸ਼ਾਨੀ ਆ ਰਹੀ ਹੈ।
ਏਜੰਸੀ ਦੇ ਕਰਮਚਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਐਪ ਰਾਹੀਂ ਬੁਕਿੰਗ ਕਰ ਸਕਦੇ ਹੋ। ਮਹਿਲਾ ਨੇ ਕਿਹਾ ਕਿ ਐਪ ‘ਤੇ ਵੀ ਸਰਵਰ ਡਾਊਨ (Server Down) ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਇੱਕ ਹੋਰ ਵਿਅਕਤੀ ਨੇ ਕਿਹਾ ਕਿ ਉਹ ਪਿਛਲੇ 4 ਦਿਨਾਂ ਤੋਂ ਆਨਲਾਈਨ ਬੁਕਿੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਬੁਕਿੰਗ ਨਹੀਂ ਹੋ ਰਹੀ ਸੀ। ਇੰਡੀਅਨ ਆਇਲ ਵਨ (Indian Oil One) ਐਪ ਰਾਹੀਂ ਬੁਕਿੰਗ ਕਰਨ ਲਈ ਕਿਹਾ ਜਾ ਰਿਹਾ ਹੈ, ਪਰ ਉਸ ਤੋਂ ਵੀ ਬੁਕਿੰਗ ਨਹੀਂ ਹੋ ਰਹੀ, ਜਿਸ ਕਾਰਨ ਉਹ ਏਜੰਸੀ ਵਿੱਚ ਗੈਸ ਦੀ ਬੁਕਿੰਗ ਕਰਵਾਉਣ ਪਹੁੰਚੇ ਹਨ।