ਪੰਜਾਬ ‘ਚ ਚੋਰੀ , ਲੁੱਟ-ਖੋਹਾਂ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਜਿੱਥੇ ਲੁਧਿਆਣਾ ‘ਚ ਚੋਰਾਂ ਨੇ 6 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਹਾਲਾਂਕਿ ਚੋਰ ਦੋ ਦੁਕਾਨਾਂ ‘ਚ ਹੀ ਚੋਰੀ ਕਰਨ ‘ਚ ਸਫਲ ਹੋ ਸਕੇ। ਸ਼ਹਿਰ ਦੇ ਘੰਟਾ ਘਰ ਨੇੜੇ ਕਰਤਾਰ ਕੰਪਲੈਕਸ ਵਿੱਚ ਬੀਤੀ ਰਾਤ ਕਰੀਬ 1:30 ਵਜੇ ਚੋਰੀ ਦੀ ਵੱਡੀ ਘਟਨਾ ਹੋਈ। ਚਾਰ ਚੋਰਾਂ ਨੇ ਲੋਹੇ ਦੀਆਂ ਰਾਡਾਂ ਨਾਲ ਦੁਕਾਨਾਂ ਦੇ ਸ਼ਟਰ ਤੋੜ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।
ਚੋਰਾਂ ਨੇ ਬੈੱਡਸ਼ੀਟ ਦੀ ਦੁਕਾਨ ਤੋਂ ਕਰੀਬ 5 ਲੱਖ ਰੁਪਏ ਦੀ ਨਕਦੀ ਚੋਰੀ ਹੋ ਗਈ, ਜਦਕਿ ਦੂਜੀ ਦੁਕਾਨ ਤੋਂ 4,500 ਰੁਪਏ ਦੀ ਨਕਦੀ ਅਤੇ ਕੁਝ ਮਹਿੰਗੀਆਂ ਜੈਕਟਾਂ ਲੈ ਗਏ। ਦੁਕਾਨ ਮਾਲਕਾਂ ਨੂੰ ਚੋਰੀ ਬਾਰੇ ਸਵੇਰੇ ਪਤਾ ਲੱਗਿਆ, ਜਦੋਂ ਉਹ ਦੁਕਾਨਾਂ ਖੋਲ੍ਹਣ ਪਹੁੰਚੇ।
ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਫੁਟੇਜ ਵਿੱਚ ਚੋਰਾਂ ਨੂੰ ਕੰਪਲੈਕਸ ਵਿੱਚ ਦਾਖਲ ਹੋ ਕੇ ਸ਼ਟਰ ਤੋੜਦੇ ਅਤੇ ਚੋਰੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਇੱਕ ਚੋਰ ਬਾਹਰ ਖੜ੍ਹ ਕੇ ਨਿਗਰਾਨੀ ਕਰ ਰਿਹਾ ਸੀ।
ਇਸ ਘਟਨਾ ਤੋਂ ਬਾਅਦ ਸਥਾਨਕ ਦੁਕਾਨਦਾਰਾਂ ਵਿੱਚ ਗੁੱਸਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਲਾਕਾ ਮੁੱਖ ਸੜਕ ‘ਤੇ ਹੈ ਅਤੇ ਰਾਤ ਨੂੰ ਵੀ ਆਵਾਜਾਈ ਰਹਿੰਦੀ ਹੈ, ਫਿਰ ਵੀ ਚੋਰੀ ਹੋ ਜਾਣੀ ਪੁਲਿਸ ਦੀ ਰਾਤ ਦੀ ਗਸ਼ਤ ‘ਤੇ ਸਵਾਲ ਖੜ੍ਹੇ ਕਰਦੀ ਹੈ। ਵਪਾਰੀਆਂ ਨੇ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਰਾਤ ਦੀ ਪੁਲਿਸ ਗਸ਼ਤ ਵਧਾਈ ਜਾਵੇ।



