ਲੁਧਿਆਣਾ ‘ਚ ਲਗਜ਼ਰੀ ਕਾਰ ਸ਼ੋਰੂਮ ‘ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੀ ਜਾਂਚ ਟੀਮ ਜਲਦ ਹੀ ਇਸ ਮਾਮਲੇ ਦਾ ਖੁਲਾਸਾ ਕਰੇਗੀ। ਇਸ ਘਟਨਾ ਤੋਂ ਪੰਜ ਦਿਨ ਬਾਅਦ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਦੋਸ਼ੀ ਨਵੀਨ ਦੇਸਵਾਲ ਨੂੰ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ ਨਾਮੀ ਗੈਂਗਸਟਰ ਕੌਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫਾਇਰਿੰਗ ਪਿੱਛੇ ਵੱਡੇ ਗੈਂਗਸਟਰਾਂ ਦਾ ਹੱਥ ਹੋ ਸਕਦਾ ਹੈ। ਮੌਕੇ ਤੋਂ ਮਿਲੀਆਂ ਫਿਰੌਤੀ ਦੀਆਂ ਪਰਚੀਆਂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ ਤਾਂ ਜੋ ਲਿਖਤ ਅਤੇ ਉਂਗਲਾਂ ਦੇ ਨਿਸ਼ਾਨਾਂ ਰਾਹੀਂ ਪੁਖਤਾ ਸਬੂਤ ਜੁਟਾਏ ਜਾ ਸਕਣ।
ਬੀਤੀ ਦਿਨ ਪਹਿਲਾਂ ਕੀਤੀ ਸੀ ਫਾਇਰਿੰਗ
ਹਮਲਾਵਰਾਂ ਵੱਲੋਂ 10 ਜਨਵਰੀ ਨੂੰ ਮੁੱਲਾਂਪੁਰ ਦੇ ਨੇੜੇ ਬੱਦੋਵਾਲ ਵਿੱਚ ਰੌਇਲ ਲੀਮੋ ਸ਼ੋਅਰੂਮ ‘ਤੇ ਗੋਲੀਆਂ ਚਲਾਈਆਂ। ਗੋਲੀਆਂ ਚਲਾਉਣ ਤੋਂ ਬਾਅਦ ਹਮਲਾਵਰਾਂ ਨੇ ਇੱਕ ਪਰਚੀ ਵੀ ਛੱਡੀ, ਜਿਸ ਵਿੱਚ ਗੈਂਗਸਟਰ ਪਵਨ ਸ਼ੌਕੀਨ ਅਤੇ ਮੋਹਬਤ ਰੰਧਾਵਾ ਦੇ ਨਾਂ ਸੀ। ਪਰਚੀ ਛੱਡਣ ਤੋਂ ਬਾਅਦ ਹਮਲਾਵਰ ਬਾਈਕ ‘ਤੇ ਭੱਜ ਗਏ। ਗੋਲੀਆਂ ਸ਼ੋਅਰੂਮ ਦੇ ਸ਼ੀਸ਼ੇ ਦੇ ਦਰਵਾਜ਼ਿਆਂ ਅਤੇ ਬਾਹਰ ਖੜੀਆਂ ਕੁਝ ਲਗਜ਼ਰੀ ਕਾਰਾਂ ਨੂੰ ਲੱਗੀਆਂ ਸਨ।
ਸ਼ੋਅਰੂਮ ਦੇ ਮਾਲਕਾਂ ਵਿੱਚੋਂ ਇੱਕ ਨੂੰ ਫਿਰੌਤੀ ਲਈ ਕਾਲ ਆਈ। ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਪਵਨ ਸ਼ੌਕੀਨ ਦੱਸਿਆ ਅਤੇ 2 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਸੀ। ਦਾਖਾ ਪੁਲੀਸ ਨੇ ਬਾਅਦ ਵਿੱਚ ਕੌਸ਼ਲ ਚੌਧਰੀ, ਪਵਨ ਸ਼ੌਕੀਨ ਅਤੇ ਮੁਹੱਬਤ ਰੰਧਾਵਾ ਖ਼ਿਲਾਫ਼ ਕੇਸ ਦਰਜ ਕੀਤਾ ਸੀ।



