ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਰਕਾਰੀ ਹੈਲੀਕਾਪਟਰ ਨਾਲ ਸੰਬੰਧਿਤ ਕਥਿਤ ਗੁੰਮਰਾਹਕੁੰਨ ਸਮੱਗਰੀ ਸੋਸ਼ਲ ਮੀਡੀਆ ‘ਤੇ ਫੈਲਾਉਣ ਦੇ ਦੋਸ਼ ਹੇਠ ਲੁਧਿਆਣਾ ਪੁਲਿਸ ਨੇ 10 ਇਨਫਲੂਐਂਸਰਾਂ ਅਤੇ ਡਿਜੀਟਲ ਪਲੇਟਫਾਰਮਾਂ ਵਿਰੁੱਧ FIR ਦਰਜ ਕੀਤੀ ਹੈ। ਪੁਲਿਸ ਮੁਤਾਬਕ, ਇਹ ਸਮੱਗਰੀ ਸਰਕਾਰੀ ਕੰਮਕਾਜ ਬਾਰੇ ਝੂਠੇ ਅਤੇ ਤੋੜ-ਮਰੋੜ ਕੇ ਪੇਸ਼ ਕੀਤੇ ਗਏ ਦਾਅਵਿਆਂ ‘ਤੇ ਆਧਾਰਿਤ ਸੀ।
ADCP ਵੈਭਵ ਸਹਿਗਲ ਨੇ ਦੱਸਿਆ ਕਿ ਮਾਮਲੇ ਦੀ ਸ਼ੁਰੂਆਤ ਸਟੇਟ ਸਾਈਬਰ ਸੈੱਲ ਵੱਲੋਂ ਸ਼ੱਕੀ ਸੋਸ਼ਲ ਮੀਡੀਆ ਗਤੀਵਿਧੀਆਂ ਦੀ ਪਛਾਣ ਤੋਂ ਹੋਈ। ਜਾਂਚ ਦੌਰਾਨ ਕਈ ਖਾਤਿਆਂ ਵੱਲੋਂ ਇੱਕੋ ਤਰ੍ਹਾਂ ਦੀ ਗੁੰਮਰਾਹਕੁੰਨ ਸਮੱਗਰੀ ਪੋਸਟ ਕਰਨ ਦੀ ਪੁਸ਼ਟੀ ਹੋਈ, ਜਿਸ ਤੋਂ ਬਾਅਦ 12 ਦਸੰਬਰ ਨੂੰ BNS ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਪੁਲਿਸ ਨੇ ਹੁਣ ਫੇਸਬੁੱਕ ਕੋਲੋਂ ਸੰਬੰਧਿਤ ਖਾਤਿਆਂ ਦੇ IP ਐਡਰੈੱਸ ਅਤੇ ਹੋਰ ਵੇਰਵੇ ਮੰਗੇ ਹਨ।
ਇਨ੍ਹਾਂ ਲੋਕਾਂ ‘ਤੇ ਦਰਜ ਹੋਈ FIR
FIR ਅਨੁਸਾਰ, ਸੋਸ਼ਲ ਮੀਡੀਆ ਮਾਨੀਟਰਿੰਗ ਸੈੱਲ ਨੇ ਹੇਠ ਲਿਖੇ ਨਾਵਾਂ ਨਾਲ ਚੱਲ ਰਹੇ ਖਾਤਿਆਂ ਵੱਲੋਂ ਅਪਲੋਡ ਕੀਤੀਆਂ ਗਈਆਂ ਕਈ ਫੇਸਬੁੱਕ ਪੋਸਟਾਂ ਦੀ ਪਛਾਣ ਕੀਤੀ ਹੈ। ਜਿਨ੍ਹਾਂ ‘ਚ ਮਿੰਟੂ ਗੁਰੂਸਰੀਆ , ਗਗਨ ਰਾਮਗੜ੍ਹੀਆ,ਹਰਮਨ ਫਾਰਮਰ, ਮਨਦੀਪ ਮੱਕੜ,ਗੁਰਲਾਲ ਐਸ ਮਾਨ, ਸੰਮੂ ਧਾਲੀਵਾਲ, ਮਾਣਿਕ ਗੋਇਲ, ਅਰਜਨ ਲਾਈਵ, ਦੀਪ ਮੰਗਲੀ, ਲੋਕ ਆਵਾਜ਼ ਟੀ.ਵੀ,ਇਨ੍ਹਾਂ ਪੋਸਟਾਂ ਵਿੱਚ ਕਥਿਤ ਤੌਰ ‘ਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਜੁੜੇ ਹੈਲੀਕਾਪਟਰ ਦੀ ਵਰਤੋਂ ਬਾਰੇ ਤੋੜ-ਮਰੋੜ ਕੇ ਪੇਸ਼ ਕੀਤੇ ਗਏ ਅਤੇ ਗੁੰਮਰਾਹਕੁੰਨ ਦਾਅਵੇ ਸ਼ਾਮਲ ਸਨ।
FIR ਵਿੱਚ ਨਾਮਜ਼ਦ ਲੋਕਾਂ ਨੇ ਇਸ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਅੱਜ ਚੰਡੀਗੜ੍ਹ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਵਿਰੋਧੀ ਪਾਰਟੀਆਂ ਨੇ ਵੀ ਸਰਕਾਰ ‘ਤੇ ਪ੍ਰਗਟਾਵੇ ਦੀ ਆਜ਼ਾਦੀ ਦਬਾਉਣ ਦੇ ਦੋਸ਼ ਲਗਾਏ ਹਨ, ਜਦਕਿ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕਾਨੂੰਨ ਅਨੁਸਾਰ ਅੱਗੇ ਵਧਾਈ ਜਾ ਰਹੀ ਹੈ