ਖਬਰਿਸਤਾਨ ਨੈੱਟਵਰਕ- ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਮਾਂ ਬੋਲੀ ਦੀ ਰਾਖੀ ਲਈ ਵਿਸ਼ੇਸ਼ ਉਪਰਾਲਾ ਕੀਤਾ ਹੈ, ਜਿਸ ਤਹਿਤ ਗੁਰਮੁਖੀ ਲਿਪੀ ਨੂੰ ਮਜ਼ਬੂਤ ਕਰਨ ਲਈ ਸਿੱਖਿਆ ਵਿਭਾਗ ਵਲੋਂ ਹੁਣ ਆਉਣ ਵਾਲੇ ਅਕਾਦਮਿਕ ਸੈਸ਼ਨ 2026-27 ਤੋਂ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਪਾਠ-ਪੁਸਤਕਾਂ ਵਿੱਚ ਵੀ ਗੁਰਮੁਖੀ ਲਿਪੀ ਦੇ ‘ਊੜਾ-ਐੜਾ’ ਨੂੰ ਸ਼ਾਮਲ ਕੀਤਾ ਜਾਵੇਗਾ।
ਫੈਸਲੇ ਦਾ ਉਦੇਸ਼
ਇਸ ਫੈਸਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਗੁਰਮੁਖੀ ਲਿਪੀ ਪੜ੍ਹਨ ਅਤੇ ਸਮਝਣ ਦੀ ਸਮਰਥਾ ਨੂੰ ਮਜ਼ਬੂਤ ਕਰਨਾ ਹੈ, ਤਾਂ ਜੋ ਪੰਜਾਬ ਵਿਚ ਰਹਿੰਦੇ ਹਰੇਕ ਵਿਦਿਆਰਥੀ ਨੂੰ ਆਪਣੀ ਮਾਂ ਬੋਲੀ ਦੀ ਸਮਝ ਹੋਵੇ। ਪੰਜਾਬੀ ਪੜ੍ਹਨ ਤੇ ਬੋਲਣ ਵਿਚ ਬੱਚਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।
ਵੱਖਰਾ ਪੰਨਾ ਗੁਰਮੁਖੀ ਵਰਣਮਾਲਾ ਲਈ ਹੋਵੇਗਾ ਰਾਖਵਾਂ
ਸਿੱਖਿਆ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਤਿੰਨਾਂ ਭਾਸ਼ਾਵਾਂ ਦੀਆਂ ਪਾਠ-ਪੁਸਤਕਾਂ ਵਿੱਚ ਇੱਕ ਵੱਖਰਾ ਪੰਨਾ ਗੁਰਮੁਖੀ ਵਰਣਮਾਲਾ ਲਈ bਹੋਵੇਗਾ। ਇਹ ਪ੍ਰਬੰਧ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਪੜ੍ਹ ਰਹੇ ਲਗਭਗ 60 ਲੱਖ ਵਿਦਿਆਰਥੀਆਂ ਲਈ ਲਾਗੂ ਕੀਤਾ ਜਾਵੇਗਾ।
ਸਿੱਖਿਆ ਵਿਭਾਗ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਵਿਦਿਆਰਥੀ ਹਰ ਵਾਰ ਕਿਤਾਬ ਖੋਲ੍ਹਦੇ ਸਮੇਂ ਗੁਰਮੁਖੀ ਅੱਖਰਾਂ ਨਾਲ ਰੂਬਰੂ ਹੋਣਗੇ, ਜਿਸ ਨਾਲ ਉਨ੍ਹਾਂ ਦੀ ਪੜ੍ਹਨ ਦੀ ਅਭਿਆਸ ਸ਼ਕਤੀ ਵਿੱਚ ਸੁਧਾਰ ਆਵੇਗਾ। ਹਾਲ ਹੀ ਵਿੱਚ ਜਾਰੀ ਕੀਤੀ ਗਈ ASER ਰਿਪੋਰਟ ਵਿੱਚ ਖੁਲਾਸਾ ਹੋਇਆ ਸੀ ਕਿ ਤੀਜੀ ਜਮਾਤ ਦੇ ਕਾਫ਼ੀ ਵਿਦਿਆਰਥੀ ਗੁਰਮੁਖੀ ਅੱਖਰ ਤਾਂ ਪਛਾਣ ਲੈਂਦੇ ਹਨ ਪਰ ਸ਼ਬਦ ਜਾਂ ਵਾਕ ਪੜ੍ਹਨ ਵਿੱਚ ਮੁਸ਼ਕਲ ਮਹਿਸੂਸ ਕਰਦੇ ਹਨ। ਵਿਦਿਆਰਥੀਆਂ ਨੂੰ ਮਾਂ ਬੋਲੀ ਪੰਜਾਬੀ ਲਈ ਸੁਹਿਰਦ ਬਣਾਉਣਾ ਹੀ ਇਸ ਫੈਸਲੇ ਦਾ ਮਕਸਦ ਹੈ।
ਪੀਐਸਈਬੀ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਇਸ ਯੋਜਨਾ ਦਾ ਮਕਸਦ ਵਿਦਿਆਰਥੀਆਂ ਨੂੰ ਗੁਰਮੁਖੀ ਲਿਪੀ ਨਾਲ ਲਗਾਤਾਰ ਜੋੜੇ ਰੱਖਣਾ ਹੈ, ਤਾਂ ਜੋ ਉਹ ਆਪਣੀ ਭਾਸ਼ਾ ਅਤੇ ਲਿਪੀ ਨਾਲ ਹੋਰ ਮਜ਼ਬੂਤੀ ਨਾਲ ਜੁੜ ਸਕਣ।