ਖ਼ਬਰਿਸਤਾਨ ਨੈੱਟਵਰਕ: ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਨੂੰਹ ਵੱਲੋਂ ਆਪਣੀ ਸੱਸ ਦੀ ਬੇਰਹਿਮੀ ਨਾਲ ਕੁੱਟ -ਮਾਰ ਦੀ ਸੀਸੀਟੀਵੀ ਫੁੱਟੇਜ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ, ਸੱਸ ਨੇ ਨੂੰਹ ‘ਤੇ ਗਹਿਣੇ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਹੈ, ਜਦਕਿ ਨੂੰਹ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਹੈ। ਫਿਲਹਾਲ ਦੋਵੇਂ ਸਰਦੂਲਗੜ੍ਹ ਦੇ ਹਸਪਤਾਲ ਵਿੱਚ ਦਾਖ਼ਲ ਹਨ। ਸੱਸ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਹੈ।
ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਨੂੰਹ ਸੱਸ ਨੂੰ ਕਮਰੇ ਵਿੱਚੋਂ ਵਾਲਾਂ ਤੋਂ ਖਿੱਚ ਕੇ ਬਾਹਰ ਲਿਆਉਂਦੀ ਹੈ ਅਤੇ ਉਸ ਨੂੰ ਜ਼ਮੀਨ ‘ਤੇ ਪਟਕਦੀ ਦਿਖਾਈ ਦੇ ਰਹੀ ਹੈ। ਇਸ ਤੋਂ ਬਾਅਦ ਨੂੰਹ ਨੇ ਸੱਸ ਨੂੰ ਥੱਪੜ ਵੀ ਮਾਰੇ। ਪੁਲਿਸ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਗਈ ਹੈ ਅਤੇ ਅੱਜ ਦੋਵਾਂ ਪੱਖਾਂ ਦੇ ਬਿਆਨ ਦਰਜ ਕੀਤੇ ਜਾਣਗੇ।
ਸਹੁਰੇ ਓਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਸਮਾਈਲ ਅਕਸਰ ਉਨ੍ਹਾਂ ਨਾਲ ਝਗੜਾ ਕਰਦੀ ਹੈ। ਉਨ੍ਹਾਂ ਦਾ ਬੇਟਾ ਉਨ੍ਹਾਂ ਦੇ ਨਾਲ ਰਹਿਣਾ ਚਾਹੁੰਦਾ ਹੈ, ਪਰ ਨੂੰਹ ਵੱਖ ਰਹਿਣ ਦੀ ਜ਼ਿੱਦ ਕਰਦੀ ਹੈ। ਉਨ੍ਹਾਂ ਅਨੁਸਾਰ, ਸੋਮਵਾਰ ਨੂੰ ਨੂੰਹ ਦੇ ਪਰਿਵਾਰ ਨੇ ਉਨ੍ਹਾਂ ਨੂੰ ਪੰਚਾਇਤੀ ਸਮਝੌਤੇ ਲਈ ਬੁਲਾਇਆ ਸੀ, ਪਰ ਇਸੇ ਦੌਰਾਨ ਨੂੰਹ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਸੱਸ ਦੀ ਬੇਰਹਿਮੀ ਨਾਲ ਪਿਟਾਈ ਕੀਤੀ ਅਤੇ ਘਰੋਂ ਸੋਨਾ ਤੇ ਨਕਦੀ ਲੈ ਕੇ ਫ਼ਰਾਰ ਹੋ ਗਏ।
ਓਮ ਪ੍ਰਕਾਸ਼ ਦੇ ਪੁੱਤਰ ਦੀਪਕ ਨੇ ਦੱਸਿਆ ਕਿ ਉਸ ਨੇ 3 ਸਾਲ ਪਹਿਲਾਂ ਸਮਾਈਲ ਨਾਲ ਪ੍ਰੇਮ ਵਿਆਹ ਕੀਤਾ ਸੀ। ਦੀਪਕ ਕੈਨੇਡਾ ਚਲਾ ਗਿਆ ਸੀ ਅਤੇ ਉਸ ਨੇ ਦੋ-ਤਿੰਨ ਵਾਰ ਸਮਾਈਲ ਦੀ ਫਾਈਲ ਵੀ ਲਗਾਈ, ਪਰ ਵੀਜ਼ਾ ਨਹੀਂ ਲੱਗ ਸਕਿਆ। ਦੀਪਕ ਨੇ ਕਿਹਾ ਕਿ ਉਸਦੀ ਗੈਰ-ਹਾਜ਼ਰੀ ਵਿੱਚ ਮਾਤਾ-ਪਿਤਾ ਨੇ ਸਮਾਈਲ ਨੂੰ ਆਪਣੇ ਕੋਲ ਰੱਖਿਆ ਸੀ, ਪਰ ਉਹ ਲਗਾਤਾਰ ਝਗੜਾ ਕਰਦੀ ਸੀ। ਦੂਜੇ ਪਾਸੇ ਨੂੰਹ ਸਮਾਈਲ ਨੇ ਸਾਰੇ ਇਲਜ਼ਾਮਾਂ ਨੂੰ ਗਲਤ ਦੱਸਿਆ ਹੈ। ਉਸ ਨੇ ਕਿਹਾ ਕਿ ਉਸ ਨੇ ਸੱਸ ਨੂੰ ਨਹੀਂ ਕੁੱਟਿਆ, ਸਗੋਂ ਜਦੋਂ ਸੱਸ ਉਸ ਨੂੰ ਮਾਰਨ ਲੱਗੀ ਤਾਂ ਉਸ ਨੇ ਸਿਰਫ਼ ਆਪਣਾ ਬਚਾਅ ਕੀਤਾ। ਉਸ ਨੇ ਸੋਨਾ ਅਤੇ ਨਕਦੀ ਚੋਰੀ ਕਰਨ ਦੀ ਗੱਲ ਨੂੰ ਵੀ ਨਕਾਰ ਦਿੱਤਾ ਹੈ।