ਖਬਰਿਸਤਾਨ ਨੈੱਟਵਰਕ- ਪੰਜਾਬ ਦਾ ਬਹੁ-ਚਰਚਿਤ ਮਾਮਲਾ ਭਾਬੀ ਕਮਲ ਕੌਰ ਕਤਲਕਾਂਡ ਨੂੰ ਲੈ ਕੇ ਹੁਣ ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਦੋਸ਼ੀਆਂ ਨੂੰ ਖਰੀਆਂ ਖੋਟੀਆਂ ਸੁਣਾਈਆਂ ਹਨ ਤੇ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਅਤੇ ਕਈ ਹੋਰ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਮਿਲ ਰਹੀਆਂ ਧਮਕੀਆਂ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਲੋਕਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ।
ਮੀਕਾ ਸਿੰਘ ਨੇ ਕੀ ਕੁੱਝ ਆਖਿਆ
Singer Mika Singh condemned the killing of Kanchan Kumari (Kamal) by Amritpal Singh Mehron and his associates. He extended support to Harjeet Singh Rasulpur, saying he stands with the truth and is ready to help him in every possible way. @MikaSingh pic.twitter.com/owyzCVjt3T
— Gagandeep Singh (@Gagan4344) June 16, 2025
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਵਿੱਚੋਂ ਡਰ ਖਤਮ ਹੋ ਸਕੇ ਕਿਉਂਕਿ ਸਾਡਾ ਭਾਈਚਾਰਾ ਇੱਕ ਅਜਿਹਾ ਭਾਈਚਾਰਾ ਹੈ ਜੋ ਯੋਧੇ ਪੈਦਾ ਕਰਦਾ ਹੈ, ਅਸੀਂ ਉਨ੍ਹਾਂ ਲੋਕਾਂ ਵਿੱਚੋਂ ਨਹੀਂ ਆਉਂਦੇ ਜੋ ਨਿਹੱਥੇ ਲੋਕਾਂ ਅਤੇ ਔਰਤਾਂ ‘ਤੇ ਹੱਥ ਚੁੱਕਦੇ ਹਨ। ਇਸ ਲਈ, ਅਜਿਹੇ ਲੋਕਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਕੰਮਾਂ ਲਈ ਸਖ਼ਤ ਸਜ਼ਾ ਮਿਲ ਸਕੇ।
ਕਤਲ ਦਾ ਮੁੱਖ ਦੋਸ਼ੀ ਵਿਦੇਸ਼ ਫਰਾਰ
ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਕਤਲ ਮਾਮਲੇ ‘ਚ ਬਠਿੰਡਾ ਐੱਸਐੱਸਪੀ ਅਮਨੀਤ ਕੌਂਡਲ ਨੇ ਵੱਡਾ ਖੁਲਾਸਾ ਕੀਤਾ ਸੀ ਕਿ ਕਮਲ ਕੌਰ ਕਤਲ ਦਾ ਮਾਸਟਰਮਾਈਂਡ ਅੰਮ੍ਰਿਤਪਾਲ ਵਿਦੇਸ਼ ਫਰਾਰ ਹੋ ਗਿਆ ਹੈ | ਬੀਤੇ ਦਿਨ ਬਠਿੰਡਾ ਪੁਲਿਸ ਨੇ ਮਹਿਰੋਂ ਖਿਲਾਫ ਲੁੱਕ-ਆਊਟ ਨੋਟਿਸ ਜਾਰੀ ਕੀਤਾ ਸੀ| ਜਦ ਕਿ ਅੰਮ੍ਰਿਤਸਰ ‘ਚ ਉਸ ਖਿਲਾਫ ਦੀਪਿਕਾ ਲੂਥਰਾ ਦੀ ਸ਼ਿਕਾਇਤ ‘ਤੇ ਐੱਫ਼ਆਈਆਰ ਦਰਜ ਕੀਤੀ ਗਈ ਕਿਉਂਕਿ ਉਸ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਹਨ।
ਕਮਲ ਕੌਰ ਕਤਲ ਮਾਮਲੇ ‘ਚ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ| ਬਠਿੰਡਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਦੀ ਮਦਦ ਕਰਨ ਵਾਲੇ ਦੋ ਲੋਕਾਂ ਨੂੰ ਹੋਰ ਨਾਮਜਦ ਕੀਤਾ ਗਿਆ ਹੈ। ਜਦਕਿ ਮਾਮਲੇ ਦੇ ਮੁੱਖ ਸ਼ਾਜਿਸ਼ ਕਰਤਾ ਅੰਮ੍ਰਿਤਪਾਲ ਸਿੰਘ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਤੁਰੰਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵਿਦੇਸ਼ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਬਠਿੰਡਾ ਐਸਐਸਪੀ ਨੇ ਦੱਸਿਆ ਕਿ ਭਾਬੀ ਕਮਲ ਕੌਰ ਉਰਫ ਕੰਚਨ ਕੁਮਾਰੀ ਕਤਲ ਕਰਨ ਸਮੇਂ ਅੰਮ੍ਰਿਤਪਾਲ ਸਿੰਘ ਮਹਿਰੋਂ ਘਟਨਾ ਸਥਾਨ ‘ਤੇ ਮੌਜੂਦ ਸੀ। ਇਸ ਚੀਜ਼ ਦਾ ਖੁਲਾਸਾ ਰਿਮਾਂਡ ‘ਤੇ ਚੱਲ ਰਹੇ ਉਸ ਦੇ ਦੋ ਸਾਥੀਆਂ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਗ੍ਰਿਫਤਾਰੀ ਨੂੰ ਲੈ ਕੇ ਭਾਵੇਂ ਲੁੱਕ-ਆਊਟ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਇਸ ਤੋਂ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਮਹਿਰੋਂ ਘਟਨਾ ਨੂੰ ਅੰਜਾਮ ਦੇਣ ਉਪਰੰਤ ਸ੍ਰੀ ਅੰਮ੍ਰਿਤਸਰ ਸਾਹਿਬ ਏਅਰਪੋਰਟ ਤੋਂ ਯੂਏਈ ਫਰਾਰ ਹੋ ਗਿਆ।ਇਸ ਸਮੇਂ ਉਸ ਨਾਲ ਦੋ ਵਿਅਕਤੀ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਪਹਿਚਾਣ ਹੋ ਚੁੱਕੀ ਹੈ ਅਤੇ ਦੂਜਾ ਅਣਪਛਾਤਾ ਹੈ, ਜਿਨ੍ਹਾਂ ਵੱਲੋਂ ਮਦਦ ਕੀਤੀ ਗਈ ਸੀ। ਪੁਲਿਸ ਵੱਲੋਂ ਉਹਨਾਂ ਦੋ ਲੋਕਾਂ ਨੂੰ ਵੀ ਨਾਮਜਦ ਕੀਤਾ ਗਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਚੱਲ ਰਹੀ ਹੈ।
ਅੰਮ੍ਰਿਤਪਾਲ ਨੇ ਇੱਕ ਵੀਡੀਉ ਜਾਰੀ ਕਰ ਇੰਸਟਾਗ੍ਰਾਮ ਇੰਨਫ਼ਲੂਐਂਸਰ ਦੀਪਿਕਾ ਲੂਥਰਾ ਨੂੰ ਅਸ਼ਲੀਲ ਸਮੱਗਰੀ ਬਣਾਉਣਾ ਬੰਦ ਕਰਨ ਦੀ ਧਮਕੀ ਦਿੱਤੀ ,ਨਹੀਂ ਤਾਂ ਕਮਲ ਭਾਬੀ ਵਾਂਗ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਕਿਹਾ ਸੀ। ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਇੱਕ ਵੀਡੀਓ ਸੰਦੇਸ਼ ਵਿੱਚ ਦੀਪਿਕਾ ਲੂਥਰਾ ਨੂੰ ਸਖ਼ਤ ਚੇਤਾਵਨੀ ਦਿੱਤੀ।